ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਪੋਰਟ ਅਲਬਰਨੀ ਜਨਰਲ ਹਸਪਤਾਲ ਨੂੰ ਦੋ ਲੱਖ ਡਾਲਰ ਦਾ ਦਾਨ

453
Share

ਸਰੀ, 24 ਦਸੰਬਰ (ਹਰਦਮ ਮਾਨ/ਪੰਜਾਬ ਮੇਲ)- ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨੇ ਆਪਣਾ ਇਹ ਵਾਅਦਾ ਪੂਰਾ ਕਰਦਿਆਂ ਖਾਲਸਾ ਦੀਵਾਨ ਸੁਸਾਇਟੀ ਪੋਰਟ ਅਲਬਰਨੀ ਦੇ ਗੁਰਦੁਆਰੇ ਦੀ ਜਾਇਦਾਦ ਵੇਚਣ ਉਪਰੰਤ ਮਿਲਿਆ ਸਾਰਾ ਧਨ ਪੋਰਟ ਅਲਬਰਨੀ ਦੇ ਹਸਪਤਾਲ ਅਤੇ ਉਥੋਂ ਦੀ ਕ੍ਰੀਮੈਟੋਰੀਅਮ ਸੁਸਾਇਟੀ ਨੂੰ ਦਾਨ ਕਰ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਜਨਰਲ ਸਕੱਤਰ ਜਰਨੈਲ ਸਿੰਘ ਭੰਡਾਲ ਨੇ ਦੱਸਿਆ ਹੈ ਕਿ ਖਾਲਸਾ ਦੀਵਾਨ ਸੁਸਾਇਟੀ ਪੋਰਟ ਅਲਬਰਨੀ ਦਾ ਗੁਰਦੁਆਰਾ ਸਾਹਿਬ 15 ਜੁਲਾਈ 1962 ਨੂੰ ਸਥਾਪਿਤ ਕੀਤਾ ਗਿਆ ਸੀ ਅਤੇ ਇਸ ਦਾ ਟਾਈਟਲ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਕੋਲ ਸੀ, ਕਿਉਂਕਿ ਖਾਲਸਾ ਦੀਵਾਨ ਸੁਸਾਇਟੀ ਦੇ ਨਾਂ ਥੱਲੇ ਜਿੰਨੇ ਵੀ ਗੁਰਦੁਆਰੇ ਉਸਾਰੇ ਜਾਂਦੇ ਸਨ, ਉਨ੍ਹਾਂ ਸਾਰਿਆਂ ਦੇ ਟਾਈਟਲ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਕੋਲ ਹੁੰਦੇ ਸਨ। ਇਸ ਕਰਕੇ ਪੋਰਟ ਅਲਬਰਨੀ ਗੁਰਦੁਆਰਾ ਸਾਹਿਬ ਦਾ ਟਾਈਟਲ ਵੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਕੋਲ ਸੀ ਅਤੇ 1983 ਵਿਚ ਇਹ ਟਾਈਟਲ ਖਾਲਸਾ ਦੀਵਾਨ ਸੁਸਾਇਟੀ ਪੋਰਟ ਅਲਬਰਨੀ ਨੂੰ ਦੇ ਦਿੱਤਾ ਗਿਆ ਸੀ।

ਵਰਨਣਯੋਗ ਹੈ ਕਿ ਪੋਰਟ ਅਲਬਰਨੀ ਵਿਚ ਕਿਸੇ ਸਮੇਂ ਤਿੰਨ ਗੁਰਦੁਆਰੇ ਅਤੇ ਇਕ ਮੰਦਰ ਸੀ। ਪਰ ਦਿਨੋ ਦਿਨ ਪੰਜਾਬੀਆਂ ਅਤੇ ਭਾਰਤੀਆਂ ਦੀ ਗਿਣਤੀ ਘਟਣ ਲੱਗੀ ਅਤੇ ਬਹੁਤ ਕੋਸ਼ਿਸ਼ ਤੋਂ ਬਾਅਦ ਵੀ ਖਾਲਸਾ ਦੀਵਾਨ ਸੁਸਾਇਟੀ ਚੱਲ ਨਹੀਂ ਸਕੀ ਅਤੇ ਇਸ ਦੇ ਸੰਵਿਧਾਨ ਅਨੁਸਾਰ ਟਾਈਟਲ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਨਾਂ ਤੇ ਤਬਦੀਲ ਹੋ ਗਿਆ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨੇ ਹੁਣ ਇਸ ਨੂੰ ਵੇਚ ਦਿੱਤਾ ਹੈ ਅਤੇ ਇਸ ਦੀ ਜੋ ਵੀ ਕੀਮਤ ਪ੍ਰਾਪਤ ਹੋਈ ਹੈ, ਉਸ ਵਿੱਚੋਂ ਲੱਖ ਡਾਲਰ ਪੋਰਟ ਅਲਬਰਨੀ ਦੇ ਜਨਰਲ ਹਸਪਤਾਲ ਨੂੰ ਦਾਨ ਕਰ ਦਿੱਤੇ ਹਨ ਅਤੇ 25,000 ਡਾਲਰ ਈਸਟ ਇੰਡੀਅਨ ਕ੍ਰੀਮੈਟੋਰੀਅਮ ਸੁਸਾਇਟੀ ਨੂੰ ਦੇ ਦਿੱਤੇ ਹਨ।

ਸ. ਭੰਡਾਲ ਨੇ ਕਿਹਾ ਕਿ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਮੁੱਖ ਸੇਵਾਦਾਰ ਮਲਕੀਅਤ ਸਿੰਘ ਧਾਮੀ ਅਤੇ ਸਾਰੇ ਪ੍ਰਬੰਧਕਾਂ ਦਾ ਪੋਰਟ ਅਲਬਰਨੀ ਦੀ ਸੰਗਤ ਨਾਲ ਵਾਅਦਾ ਸੀ ਕਿ ਇਹ ਸਾਰਾ ਧਨ ਪੋਰਟ ਅਲਬਰਨੀ ਸੰਗਤ ਦੀ ਜਾਇਦਾਦ ਹੈ ਅਤੇ ਪੋਰਟ ਅਲਬਰਨੀ ਦੀ ਸੰਗਤ ਵਾਸਤੇ ਹੀ ਖਰਚ ਕੀਤੀ ਜਾਵੇਗੀ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨੇ ਆਪਣਾ ਇਹ ਵਾਅਦਾ ਪੂਰਾ ਕੀਤਾ ਹੈ ਅਤੇ ਸੁਸਾਇਟੀ ਦੇ ਇਸ ਪਰਉਪਕਾਰੀ ਕਾਰਜ ਸਦਕਾ ਪੋਰਟ ਅਲਬਰਨੀ ਦੇ ਜਨਰਲ ਹਸਪਤਾਲ ਵਿਚ ਚਾਰ ਕਮਰੇ ਖਾਲਸਾ ਦੀਵਾਨ ਸੁਸਾਇਟੀ ਪੋਰਟ ਅਲਬਰਨੀ ਦੇ ਨਾਮ ਉਪਰ ਉਸਾਰੇ ਜਾਣਗੇ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨੇ ਪੋਰਟ ਅਲਬਰਨੀ ਦੀਆਂ ਸੰਗਤਾਂ ਵੱਲੋਂ ਮਿਲੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।


Share