ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਅਮਰਜੀਤ ਕੌਰ (ਸੋਨਾ) ਪੰਧੇਰ ਦਾ ਸਨਮਾਨ

267

ਸਰੀ, 31 ਦਸੰਬਰ (ਪੰਜਾਬ ਮੇਲ/ਹਰਦਮ ਮਾਨ)-30 ਦਸੰਬਰ 2021-ਵੈਨਕੂਵਰ ਦੀ ਜੰਮਪਲ ਅਤੇ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਵਿਚ ਡਿਪਟੀ ਕੌਂਸਲੇਟ ਦੇ ਅਹੁਦੇ ਤੇ ਬਿਰਾਜਮਾਨ ਅਮਰਜੀਤ (ਸੋਨਾ) ਕੌਰ ਪੰਧੇਰ ਬੀਤੇ ਦਿਨ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਤੇ ਖਾਲਸਾ ਦੀਵਾਨ ਸੁਸਾਇਟੀ, ਗੁਰਦੁਆਰਾ ਰੌਸ ਸਟਰੀਟ, ਵੈਨਕੂਵਰ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦਿੱਤਾ ਗਿਆ ਅਤੇ ਯਾਦਗਾਰੀ ਪਲੇਕ ਭੇਟ ਕੀਤੀ ਗਈ। ਇਸ ਮੌਕੇ ਬੋਲਦਿਆਂ ਖਾਲਸਾ ਦੀਵਾਨ ਸੁਸਾਇਟੀ ਦੇ ਜਨਰਲ ਸਕੱਤਰ ਜਰਨੈਲ ਸਿੰਘ ਭੰਡਾਲ ਨੇ ਕਿਹਾ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਭਾਈਚਾਰੇ ਦੀ ਹੋਣਹਾਰ ਸਪੁੱਤਰੀ ਨੇ ਚੰਗੀ ਸੰਗਤ ਵਿਚ ਰਹਿੰਦਿਆਂ ਚੰਗੀ ਵਿਦਿਆ ਹਾਸਲ ਕੀਤੀ, ਜਿਸ ਦੀ ਬਦੌਲਤ ਅੱਜ ਉਹ ਅਮਰੀਕਾ ਵਿਚ ਇਕ ਮਾਣਯੋਗ ਅਹੁਦੇ ਤੇ ਸੇਵਾ ਕਰ ਰਹੀ ਹੈ।

ਵਰਨਣਯੋਗ ਹੈ ਕਿ ਭਾਈ ਰਾਜਿੰਦਰ ਸਿੰਘ ਪੰਧੇਰ ਅਤੇ ਬੀਬੀ ਰਾਜ ਕੌਰ ਪੰਧੇਰ ਦੀ ਸਪੁੱਤਰੀ ਅਮਰਜੀਤ ਕੌਰ ਸੋਨਾ ਪੰਧੇਰ ਨੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਪੰਜਾਬੀ ਸਕੂਲ ਅਤੇ ਕੀਰਤਨ ਦੀ ਸਿੱਖਿਆ ਹਾਸਲ ਕੀਤੀ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਬੀ.ਏ. ਆਨਰਜ਼ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਵਿਸ਼ਵ ਪ੍ਰਸਿੱਧ ਯੂਨੀਵਰਸਿਟੀ ਹਾਰਵਰਡ ਤੋਂ ਐਮ.ਏ. (ਪਬਲਿਕ ਪਾਲਿਸੀ) ਕੀਤੀ। ਉਸ ਨੇ ਕੁਝ ਸਮਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਯੀਅਨ ਕਰਿਸਟੀਅਨ ਦੇ ਪਾਲਿਸੀ ਅਡਵਾਈਜ਼ਰ ਦੀਆਂ ਸੇਵਾਵਾਂ ਨਿਭਾਈਆਂ ਅਤੇ ਫਿਰ ਅਮਰੀਕਾ ਜਾ ਕੇ ਉਥੇ ਪੱਕੇ ਤੌਰ ਤੇ ਸੈੱਟ ਹੋ ਗਈ। ਇਸ ਮੌਕੇ ਅਮਰਜੀਤ ਕੌਰ ਸੋਨਾ ਦੇ ਮਾਤਾ, ਪਿਤਾ ਅਤੇ ਉਸ ਦੇ ਵੱਡੇ ਭਰਾ ਹਰਮੋਹਨ ਸਿੰਘ ਪੰਧੇਰ (ਬਰਨਬੀ ਸਕੂਲ ਬੋਰਡ ਦੇ ਸਾਬਕਾ ਟਰਸਟੀ) ਵੀ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਏ।