ਖਾਲਸਾ ਏਡ ਦੇ ਸੇਵਾਦਾਰ ਸ. ਇੰਦਰਜੀਤ ਸਿੰਘ ਦੇ ਚਲਾਣੇ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਦੁੱਖ ਪ੍ਰਗਟ

597
Share

ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਮੇਲ)- ਖਾਲਸਾ ਏਡ ਨਾਲ ਸਬੰਧਤ ਗੁਰਸਿੱਖ ਨੌਜਵਾਨ ਸ. ਇੰਦਰਜੀਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਮਾਨਵਤਾ ਦੀ ਸੇਵਾ ’ਚ ਲੱਗੇ ਇੱਕ ਗੁਰਸਿੱਖ ਦਾ ਤੁਰ ਜਾਣਾ ਬੇਹੱਦ ਮੰਦਭਾਗਾ ਹੈ। ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸ. ਇੰਦਰਜੀਤ ਸਿੰਘ ਦੇ ਅਕਾਲ ਚਲਾਣੇ ਨੂੰ ਪੰਥਕ ਜਗਤ ਲਈ ਘਾਟਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਖਾਲਸਾ ਏਡ ਨੇ ਆਪਣੀਆਂ ਸੇਵਾਵਾਂ ਨਾਲ ਵਿਸ਼ਵ ਪੱਧਰ ’ਤੇ ਪਛਾਣ ਕਾਇਮ ਕੀਤੀ ਹੈ। ਇਸ ਦੇ ਸੇਵਾਦਾਰ ਮਨੁੱਖਤਾ ਦੀ ਮੱਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਇਸ ਨੇ ਸਿੱਖਾਂ ਦਾ ਨਾਂ ਆਪਣੇ ਕਾਰਜਾਂ ਨਾਲ ਉੱਚਾ ਕੀਤਾ ਹੈ। ਅਜਿਹੀ ਸੰਸਥਾ ਦੇ ਸਰਗਰਮ ਸੇਵਾਦਾਰ ਦਾ ਸੜਕ ਹਾਦਸੇ ਦੌਰਾਨ ਵਿਛੜ ਜਾਣਾ ਦੁੱਖਮਈ ਹੈ। ਇਸ ਨਾਲ ਕੌਮ ਇੱਕ ਨਿਸ਼ਕਾਮ ਸੇਵਾਦਾਰ ਤੋਂ ਵਾਂਝੀ ਹੋ ਗਈ ਹੈ। ਡਾ. ਰੂਪ ਸਿੰਘ ਨੇ ਕਿਹਾ ਕਿ ਸਾਡੀ ਸ. ਇੰਦਰਜੀਤ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਹੈ ਅਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਆਪਣੇ ਸੇਵਾਦਰ ਨੂੰ ਆਪਣੇ ਚਰਨਾ ਵਿਚ ਨਿਵਾਸ ਦੇਣ।


Share