ਖ਼ਾਲਸਾ ਸਕੂਲ ਸਰੀ ਵਿਖੇ ਭਾਈ ਰਣਧੀਰ ਸਿੰਘ ਦੀਆਂ ਜੇਲ੍ਹ ਚਿੱਠੀਆਂ ਦੀ ਆਰੰਭਤਾ ਸੰਬੰਧੀ ਸ਼ਤਾਬਦੀ ਸਮਾਗਮ

459
Share

ਨਾਮਵਰ ਵਿਦਵਾਨ ਜੈਤੇਗ ਸਿੰਘ ਅਨੰਤ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ
ਸਰੀ, 31 ਮਾਰਚ (ਹਰਦਮ ਮਾਨ/ਪੰਜਾਬ ਮੇਲ)-ਖ਼ਾਲਸਾ ਸਕੂਲ ਸਰੀ ਵਿਖੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਵੱਲੋਂ ਲਿਖੀਆਂ ਜੇਲ੍ਹ ਚਿੱਠੀਆਂ ਦੀ ਆਰੰਭਤਾ ਦਾ ਸ਼ਤਾਬਦੀ  ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਉੱਘੇ ਸਿੱਖ ਵਿਦਵਾਨ ਸ. ਜੈਤੇਗ ਸਿੰਘ ਅਨੰਤ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਖਾਲਸਾ ਸਕੂਲ ਦੇ ਧਰਮ ਅਧਿਆਪਨ ਦੇ ਮੁਖੀ ਗਿਆਨੀ  ਕੁਲਵਿੰਦਰ ਸਿੰਘ ਨੇ ਇਸ ਇਤਿਹਾਸਕ ਦਿਨ ਦੀ ਮਹੱਤਤਾ ਅਤੇ ਸ. ਜੈਤੇਗ ਸਿੰਘ ਅਨੰਤ ਦੀਆਂ ਵੱਡਮੁੱਲੀਆਂ ਸੇਵਾਵਾਂ ਤੇ ਉਨ੍ਹਾਂ ਦੀ ਭਾਈ ਸਾਹਿਬ  ਭਾਈ ਰਣਧੀਰ ਸਿੰਘ ਦੀ ਨੇੜਤਾ ਦਾ ਜ਼ਿਕਰ ਕੀਤਾ।
ਭਾਈ ਸਾਹਿਬ ਭਾਈ ਰਣਧੀਰ ਸਿੰਘ ਬਾਰੇ ਬੋਲਦਿਆਂ ਜੈਤੇਗ ਸਿੰਘ ਅਨੰਤ ਨੇ ਦੱਸਿਆ ਕਿ ਭਾਈ ਸਾਹਿਬ ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀਆਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ ਦੂਜੇ ਲਾਹੌਰ ਸਾਜ਼ਿਸ਼ ਕੇਸ  ਵਿੱਚ ਮਈ 1915 ਵਿਚ ਨਾਭੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਲਾਹੌਰ, ਮੁਲਤਾਨ ਤੇ ਹਜ਼ਾਰੀ ਬਾਗ ਜੇਲ੍ਹ ਤੋਂ ਬਾਅਦ ਰਾਜਮੁੰਦਰੀ ਜੇਲ੍ਹ ਵਿਚ ਸੰਨ 1921 ਵਿਚ ਆਏ ਤੇ ਮਾਰਚ 1922 ਨੂੰ ਜੇਲ੍ਹ ਚਿੱਠੀਆਂ ਦੀ ਆਰੰਭਤਾ ਹੋਈ ਸੀ। ਉਨ੍ਹਾਂ ਪਹਿਲੀ ਚਿੱਠੀ ਗਿਆਨੀ  ਨਾਹਰ ਸਿੰਘ ਨੂੰ 19 ਮਾਰਚ 1922, ਦੂਜੀ 24 ਮਾਰਚ ਤੇ ਤੀਜੀ 30 ਮਾਰਚ 1922 ਨੂੰ ਰਾਜਮੰਦਰੀ ਜੇਲ੍ਹ ਵਿੱਚੋਂ  ਲਿਖੀ ਸੀ. ਗਿਆਨੀ ਨਾਹਰ ਸਿੰਘ ਉਨ੍ਹਾਂ ਦਾ ਸੰਗੀ ਸਾਥੀ ਜਿਹੜਾ ਫਿਰੋਜ਼ਪੁਰ ਛਾਉਣੀ ਕੇਸ ਵਿਚ ਭਾਈ  ਸਾਹਿਬ ਨਾਲ ਗ੍ਰਿਫਤਾਰ ਹੋਇਆ ਸੀ ਅਤੇ ਸੰਨ 1919 ਨੂੰ ਰਿਹਾਅ ਹੋ ਗਿਆ ਸੀ। ਇਸ ਤਰ੍ਹਾਂ ਇਹ  ਚਿੱਠੀਆਂ 14 ਸਾਲ ਗਿਆਨੀ ਨਾਹਰ ਸਿੰਘ ਨੇ ਆਪਣੇ ਸੀਨੇ ਨਾਲ ਲਾ ਕੇ ਰੱਖੀਆਂ ਸਨ। ਜਿਸ ਦੀ ਪ੍ਰਕਾਸ਼ਨਾ ਸੰਨ 1936 ਵਿਚ ਹੋਈ ਸੀ। ਰਾਜਮੁੰਦਰੀ ਜੇਲ੍ਹ ਦੀ ਇੱਕ ਹੋਰ ਮਹੱਤਵਪੂਰਨ ਤਾਰੀਕ ਇਹ ਹੈ ਕਿ ਇੱਥੋਂ ਭਾਈ ਸਾਹਿਬ ਰਣਧੀਰ ਸਿੰਘ ਨੇ ਆਪਣੀ  ਪੁਸਤਕ “ਗੁਰਮਤਿ ਬਿਬੇਕ” ਦੀ ਰਚਨਾ ਕੀਤੀ।
ਸਮਾਗਮ ਵਿਚ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਇਸ ਯਾਦਗਾਰੀ ਦਿਹਾੜੇ ਨੂੰ  ਯਾਦ ਕਰਦਿਆਂ ਉਸ ਗ਼ਦਰੀ ਯੋਧੇ, ਸੰਤ ਸਿਪਾਹੀ ਦੀ ਇਸ ਵਡਮੁੱਲੀ ਕਿਰਤ ਅੱਗੇ ਆਪਣਾ ਸੀਸ ਨਿਵਾਇਆ।


Share