ਖਹਿਰਾ ਦੀ ਐਂਟਰੀ ਨਾਲ ਕਾਂਗਰਸ ਨੂੰ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ!

86
Share

ਚੰਡੀਗੜ੍ਹ, 6 ਜੂਨ (ਪੰਜਾਬ ਮੇਲ)- ਪਾਰਟੀ ਵਿਚ ਆਪਣੇ ਖ਼ਿਲਾਫ਼ ਉਠੀ ਬਗਾਵਤ ਨੂੰ ਸ਼ਾਂਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਨਵਾਂ ਪੈਂਤੜਾ ਚਲਦਿਆਂ ਸੁਖਪਾਲ ਸਿੰਘ ਖਹਿਰਾ ਸਮੇਤ ਤਿੰਨ ਵਿਰੋਧੀ ਵਿਧਾਇਕਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਕੇ ਹਾਈਕਮਾਨ ਦੇ ਸਾਹਮਣੇ ਖੁਦ ਦਾ ਕੱਦ ਵੱਡਾ ਕੀਤਾ ਹੋਵੇ ਪਰ ਇਸ ਪੂਰੇ ਘਟਨਾਕ੍ਰਮ ਨਾਲ ਕਾਂਗਰਸ ਨੂੰ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੁੰਦਾ ਦਿਸ ਰਿਹਾ ਹੈ। ਖਹਿਰਾ ਦੇ ਨਾਲ ਦੋ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਪੀਰਮਲ ਸਿੰਘ ਧੌਲਾ ਨੇ ਵੀ ਕਾਂਗਰਸ ਦਾ ਪੱਲਾ ਫੜਿਆ ਹੈ ਪਰ ਸਾਰਿਆਂ ਦਾ ਮੁੱਖ ਫੋਕਸ ਖਹਿਰਾ ’ਤੇ ਹੀ ਰਿਹਾ ਹੈ ਕਿਉਂਕਿ ਨਾ ਸਿਰਫ਼ ਉਹੀ ਇਨ੍ਹਾਂ ਵਿਚ ਸਭ ਤੋਂ ਸੀਨੀਅਰ ਹਨ, ਸਗੋਂ ਖਹਿਰਾ ਦੀ ਹੀ ਟਿਕਟ ਕਾਂਗਰਸ ’ਚ ਪੱਕੀ ਮੰਨੀ ਜਾ ਰਹੀ ਹੈ। ਪਹਿਲਾਂ ਤੋਂ ਹੀ ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਕਾਂਗਰਸ ਵਿਚ ਖਹਿਰਾ ਦੀ ਸ਼ਮੂਲੀਅਤ ਨਾਲ ਬਗਾਵਤ ਨੂੰ ਹੋਰ ਹਵਾ ਮਿਲਣ ਲੱਗੀ ਹੈ। ਕਪੂਰਥਲਾ ਜ਼ਿਲ੍ਹੇ ਨਾਲ ਹੀ ਸਬੰਧਤ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਖਹਿਰਾ ਵਿਚ 36 ਦਾ ਅੰਕੜਾ ਹੈ।

ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਜਦੋਂ ਖਹਿਰਾ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਸਨ, ਉਦੋਂ ਰਾਣਾ ਗੁਰਜੀਤ ਨੇ ਆਪਣੇ ਕਰੀਬੀ ਟਰਾਂਸਪੋਰਟਰ ਰਾਣਾ ਰਣਜੀਤ ਸਿੰਘ ਨੂੰ ਪਾਰਟੀ ਟਿਕਟ ਦਿਵਾਈ ਸੀ। ਰਾਣਾ ਗੁਰਜੀਤ ਸਿੰਘ ਬੀਤੇ ਦੋ ਦਹਾਕਿਆਂ ਤੋਂ ਦੋਆਬਾ ਦੀ ਰਾਜਨੀਤੀ ਵਿਚ ਸਰਗਰਮ ਹਨ। 2002 ਵਿਚ ਵਿਧਾਇਕ ਬਣਨ ਤੋਂ ਬਾਅਦ 2004 ਵਿਚ ਜਲੰਧਰ ਤੋਂ ਸੰਸਦ ਤੇ ਫਿਰ ਕਪੂਰਥਲਾ ਤੋਂ ਵਿਧਾਇਕ ਉਹ ਚੁਣੇ ਗਏ। 2002 ਤੋਂ ਉਨ੍ਹਾਂ ਦੇ ਪਰਿਵਾਰ ਦਾ ਹੀ ਕਪੂਰਥਲਾ ਹਲਕੇ ’ਤੇ ਕਬਜ਼ਾ ਹੈ। ਇਹ ਤੈਅ ਹੈ ਕਿ ਘਰ ਵਾਪਸੀ ਦੇ ਬਾਵਜੂਦ ਖਹਿਰਾ ਦੇ ਪੈਰ ਭੁਲੱਥ ’ਚ ਉਹ ਜੰਮਣ ਨਹੀਂ ਦੇਣਗੇ। ਉਨ੍ਹਾਂ ਦੇ ਕਰੀਬੀ ਨੇਤਾਵਾਂ ਨੇ ਤਾਂ ਹੁਣੇ ਤੋਂ ਖਹਿਰਾ ਖ਼ਿਲਾਫ਼ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਹਨ।


Share