ਖਰੜ ਦੇ ਰਹਿਣ ਵਾਲੇ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਭਾਰਤੀ ਕ੍ਰਿਕਟ ਟੀਮ ‘ਚ ਚੋਣ

76
Share

– ਸਾਊਥ ਅਫਰੀਕਾ ਨਾਲ ਖੇਡੇਗਾ ਟੀ-20 ਸੀਰੀਜ਼
– ਆਈ.ਪੀ.ਐੱਲ.-2022 ‘ਚ ਕੀਤਾ ਬਿਹਤਰੀਨ ਪ੍ਰਦਰਸ਼ਨ
ਚੰਡੀਗੜ੍ਹ, 25 ਮਈ (ਪੰਜਾਬ ਮੇਲ)- ਕਿੰਗਸ ਇਲੈਵਨ ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਚੋਣ ਸਾਊਥ ਅਫ਼ਰੀਕਾ ਨਾਲ ਹੋਣ ਵਾਲੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਵਿਚ ਕੀਤੀ ਗਈ ਹੈ। ਟੀਮ ਵਿਚ ਚੋਣ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਅਰਸ਼ਦੀਪ ਦੀ ਮਾਤਾ ਬਲਜੀਤ ਕੌਰ ਨੇ ਕਿਹਾ ਕਿ ਇਹ ਅਰਸ਼ਦੀਪ ਦੀ ਮਿਹਨਤ ਦਾ ਫ਼ਲ ਹੈ ਕਿ ਉਹ ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ਵਿਚ ਸਫ਼ਲ ਹੋਇਆ।
ਆਈ.ਪੀ.ਐੱਲ.-2022 ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਬਦੌਲਤ ਅਰਸ਼ਦੀਪ ਸਿੰਘ ਦੀ ਚੋਣ ਭਾਰਤੀ ਟੀ-20 ਟੀਮ ਵਿਚ ਕੀਤੀ ਗਈ ਹੈ। ਆਈ.ਪੀ.ਐੱਲ. 2022 ਵਿਚ ਅਰਸ਼ਦੀਪ ਨੇ ਕਿੰਗਸ ਇਲੈਵਨ ਪੰਜਾਬ ਵਲੋਂ ਗੇਂਦਬਾਜ਼ੀ ਕਰਦਿਆਂ ਕਈ ਬੱਲੇਬਾਜ਼ਾਂ ਨੂੰ ਆਪਣਾ ਨਿਸ਼ਾਨਾ ਬਣਾਇਆ।
ਅਰਸ਼ਦੀਪ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਖੁਦ ਵੀ ਕ੍ਰਿਕਟਰ ਰਹੇ ਹਨ ਅਤੇ ਮੀਡੀਅਮ ਪੇਸਰ ਗੇਂਦਬਾਜ਼ ਸਨ। ਦਰਸ਼ਨ ਸਿੰਘ ਨੇ ਕਿਹਾ ਕਿ ਅਰਸ਼ਦੀਪ ਦੀ ਮਿਹਨਤ ਕਾਰਨ ਉਹ ਅੱਜ ਇਸ ਮੁਕਾਮ ਤੱਕ ਪਹੁੰਚਿਆ ਹੈ।
ਅਰਸ਼ਦੀਪ ਸਿੰਘ ਟ੍ਰੇਨਿੰਗ ਲਈ ਖਰੜ ਤੋਂ ਰੋਜ਼ ਸਾਈਕਲ ‘ਤੇ ਆਉਂਦਾ ਸੀ। ਮਾਂ ਬਲਜੀਤ ਕੌਰ ਨੇ ਦੱਸਿਆ ਕਿ ਖਰੜ ਤੋਂ ਰੋਜ਼ਾਨਾ ਉਹ ਸਾਈਕਲ ‘ਤੇ ਚੰਡੀਗੜ੍ਹ ਕ੍ਰਿਕਟ ਦੀ ਟ੍ਰੇਨਿੰਗ ਲਈ ਪੁੱਜਦਾ ਸੀ।


Share