ਕੰਜ਼ਰਵੇਟਿਵ ਆਗੂ ਓ ਟੂਲ ਵੱਲੋਂ ਕੈਨੇਡਾ ਰਿਕਵਰੀ ਯੋਜਨਾ ਜਾਰੀ

772
Share

ਸਰੀ, 17 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਕੰਜ਼ਰਵੇਟਿਵ ਪਾਰਟੀ ਦੇ ਨੇਤਾ ਏਰਿਨ ਓ ਟੂਲ ਨੇ ਕੈਨੇਡਾ ਦੇ ਭਵਿੱਖ ਨੂੰ ਸੁਰੱਖਿਅਤ ਕਰਨ, ਮੌਜੂਦਾ ਮੰਦੀ ਦੇ ਦੌਰ ’ਚੋਂ ਬਾਹਰ ਕੱਢਣ ਅਤੇ ਅਰਥ ਵਿਵਸਥਾ ਦੀ ਮੁੜ ਉਸਾਰੀ ਲਈ ਰਿਕਵਰੀ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਰਿਕਵਰੀ ਯੋਜਨਾ ਸਾਰੇ ਕੈਨੇਡੀਅਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰੇਗੀ ਅਤੇ ਸਿਰਫ ਕੰਜ਼ਰਵੇਟਿਵ ਹੀ ਆਪਣੀ ਰਿਕਵਰੀ ਯੋਜਨਾ ਨਾਲ ਕੈਨੇਡਾ ਨੂੰ ਮੁੜ ਲੀਹ ’ਤੇ ਲਿਆ ਸਕਣਗੇ।
ਓ ਟੂਲ ਨੇ ਕਿਹਾ ਕਿ ਲਿਬਰਲ ਪਾਰਟੀ, ਐੱਨ.ਡੀ.ਪੀ., ਬਲਾਕ ਅਤੇ ਗ੍ਰੀਨਜ਼ ਪਾਰਟੀ ਕੋਲ ਮਹਾਂਮਾਰੀ ਤੋਂ ਬਾਅਦ ਕੈਨੇਡਾ ਦੀ ਸਿਹਤਯਾਬੀ ਦੀ ਕੋਈ ਯੋਜਨਾ ਨਹੀਂ ਹੈ। ਕੈਨੇਡਾ ਦੇ ਕੰਜ਼ਰਵੇਟਿਵਜ਼ ਨੌਕਰੀਆਂ ਪੈਦਾ ਕਰਨ, ਤਨਖਾਹ ਵਧਾਉਣ ਅਤੇ ਜਿੰਨੀ ਛੇਤੀ ਹੋ ਸਕੇ ਕੈਨੇਡਾ ਦੀ ਆਰਥਿਕਤਾ ਨੂੰ ਲੀਹ ’ਤੇ ਲਿਆਉਣ ਵੱਲ ਨਿਰੰਤਰ ਧਿਆਨ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਦੌਰਾਨ 10 ਲੱਖ ਨੌਕਰੀਆਂ ਘਟੀਆਂ ਹਨ ਅਤੇ ਇਨ੍ਹਾਂ ਨੂੰ ਇਕ ਸਾਲ ਦੇ ਅੰਦਰ ਮੁੜ ਸੁਰੱਖਿਅਤ ਕੀਤਾ ਜਾਵੇਗਾ, ਨਵਾਂ ਭਿ੍ਰਸ਼ਟਾਚਾਰ ਵਿਰੋਧੀ ਕਾਨੂੰਨ ਬਣਾ ਕੇ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਨਿਸ਼ਚਿਤ ਕੀਤੀ ਜਾਵੇਗੀ, ਮਾਨਸਿਕ ਸਿਹਤ ਕਾਰਜ ਯੋਜਨਾ ਬਣਾਈ ਜਾਵੇਗੀ, ਭਵਿੱਖ ਵਿਚ ਕਿਸੇ ਵੀ ਮਹਾਂਮਾਰੀ ਜਾਂ ਸੰਕਟ ਨਾਲ ਨਜਿੱਠਣ ਲਈ ਕੈਨੇਡਾ ਨੂੰ ਆਪਣੇ ਤੌਰ ’ਤੇ ਸਮਰੱਥ ਬਣਾਇਆ ਜਾਵੇਗਾ ਅਤੇ ਅਗਲੇ ਦਹਾਕੇ ਦੌਰਾਨ ਬਜਟ ਨੂੰ ਸੰਤੁਲਿਤ ਕਰਕੇ ਕੈਨੇਡੀਅਨ ਆਰਥਿਕਤਾ ਨੂੰ ਸੁਰੱਖਿਅਤ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਚੋਣ ਵਿਚ, ਕੈਨੇਡੀਅਨ ਲੋਕਾਂ ਕੋਲ ਸਿਰਫ ਦੋ ਹੀ ਬਦਲ ਹਨ: ਜਾਂ ਤਾਂ ਇਸੇ ਤਰ੍ਹਾਂ ਹੀ ਲੱਖਾਂ ਕੈਨੇਡੀਅਨਾਂ ਵਾਂਗ ਪਛੜੇ ਰਹਿਣਾ ਜਾਂ ਰਿਕਵਰੀ ਦੀ ਅਸਲ ਯੋਜਨਾ ਨਾਲ ਸਹੀ ਦਿਸ਼ਾ ਵਿਚ ਅੱਗੇ ਵਧਣਾ।

Share