ਕੰਸਾਸ ਦੀ ਮੇਅਰ ਨੇ ਮਾਸਕ ਦਾ ਸਮਰਥਨ ਕਰਨ ‘ਤੇ ਮਿਲੀਆਂ ਧਮਕੀਆਂ ਤੋਂ ਬਾਅਦ ਅਸਤੀਫਾ ਦੇ ਦਿੱਤਾ

143
Share

ਫਰਿਜ਼ਨੋ (ਕੈਲੀਫੋਰਨੀਆਂ), 17 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਪੱਛਮੀ ਕੰਸਾਸ ਵਿੱਚ ਇੱਕ ਰਿਪਬਲਿਕਨ ਮੇਅਰ ਨੇ ਮੰਗਲਵਾਰ ਨੂੰ ਸ਼ਹਿਰ ਦੇ ਅਧਿਕਾਰੀਆਂ ਨੂੰ ਇੱਕ ਪੱਤਰ ਅਤੇ ਸੋਸ਼ਲ ਮੀਡੀਆ ‘ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਬਾਰੇ ਜਾਣਕਾਰੀ ਦਿੱਤੀ।ਮੇਅਰ ਦੀ ਇਸ ਕਾਰਵਾਈ ਦਾ ਕਾਰਨ ਉਸ ਦੁਆਰਾ ਜਨਤਕ ਤੌਰ ‘ਤੇ ਵਾਇਰਸ ਤੋਂ ਬਚਾਅ ਲਈ ਮਾਸਕ ਪਹਿਨਣ ਦੀ ਜਰੂਰਤ ਦਾ ਸਮਰਥਨ ਕਰਨ ਤੋਂ ਬਾਅਦ ਮਿਲੀਆਂ ਧਮਕੀਆਂ ਹਨ।ਡੋਜ ਸਿਟੀ ਦੀ ਮੇਅਰ ਜੋਇਸ ਵਾਰਸ਼ਾ ਦੁਆਰਾ ਸ਼ੁੱਕਰਵਾਰ ਨੂੰ ਚਿਹਰੇ ਨੂੰ ਮਾਸਕ ਨਾਲ ਢਕਣ ਦੀ ਜਰੂਰਤ ਬਾਰੇ ਇੱਕ ਲੇਖ ਵਿੱਚ ਹਵਾਲੇ ਦਿੱਤੇ ਜਾਣ ਤੋਂ ਬਾਅਦ, ਉਸਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਦੇ ਨਾਲ ਈਮੇਲ ਅਤੇ ਫੋਨ ਰਾਹੀਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ,ਜਿਸ ਕਾਰਨ ਮੇਅਰ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਸੀ। ਇਸ ਸ਼ਹਿਰ ਦੇ ਕਮਿਸ਼ਨ ਨੇ 16 ਨਵੰਬਰ ਨੂੰ ਮਾਸਕ ਜਰੂਰੀ ਕਰਨ ਲਈ 4-1ਦੇ ਫਰਕ ਨਾਲ ਵੋਟਾਂ ਪਾਈਆਂ ਸਨ। ਪਰ ਇਸ ਸੰਬੰਧੀ ਵਾਰਸ਼ਾ ਨੇ ਮੰਗਲਵਾਰ ਨੂੰ ਕਿਹਾ ਕਿ ਮਾਸਕ ਦੀ ਜਰੂਰਤ ਤੋਂ ਨਾਰਾਜ਼ ਕਮਿਊਨਿਟੀ ਦੇ ਲੋਕਾਂ ਕੋਲੋਂ  ਮਿਲੀਆਂ ਧਮਕੀਆਂ ਨੇ ਉਸਨੂੰ ਅਹੁਦਾ ਛੱਡਣ ਲਈ ਮਜਬੂਰ ਕੀਤਾ ਹੈ। ਮੇਅਰ ਅਨੁਸਾਰ ਉਸਨੂੰ ਆਪਣੇ ਕੀਤੇ ਗਏ ਕਿਸੇ ਵੀ ਕੰਮ ਜਾਂ ਫੈਸਲਿਆਂ ਬਾਰੇ ਕੋਈ ਪਛਤਾਵਾ ਨਹੀਂ ਹੈ ।ਇਸ ਮਾਮਲੇ ਵਿੱਚ ਕੁਝ ਧਮਕੀਆਂ ਦੇਣ ਵਾਲੀਆਂ ਈਮੇਲਾਂ ਪੁਲਿਸ ਨੂੰ ਦੇ ਦਿੱਤੀਆਂ ਗਈਆਂ ਹਨ, ਪਰ ਧਮਕੀਆਂ ਦੇ ਖਾਸ ਵੇਰਵੇ ਪ੍ਰਦਾਨ ਨਹੀਂ ਕੀਤੇ ਗਏ ਹਨ।ਮੇਅਰ ਨੂੰ ਮਿਲੀਆਂ ਧਮਕੀਆਂ ਦੇ ਮਾਮਲੇ ਵਿੱਚ ਡੋਜ ਸਿਟੀ ਥਾਣਾ ਦੇ  ਮੁਖੀ ਡਰਿਊ ਫ੍ਰਾਂਸਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਭਾਗ ਦੁਆਰਾ ਕਾਰਵਾਈ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਸੰਚਾਰ ਸਾਧਨਾਂ ਦੀ ਘੋਖ ਕੀਤੀ ਜਾ  ਰਹੀ ਹੈ।

Share