ਕੌਮ ਅਤੇ ਸਮਾਜ ਦੇ ਲੇਖੇ  ਜ਼ਿੰਦਗੀ ਲਾਓੁਣ ਵਾਲੀ ਸਖਸ਼ੀਅਤ ਸੀ– ਬਾਪੂ ਸਾਧੂ ਸਿੰਘ ਖਾਨਪੁਰ  

20
Share

ਇਸ ਦੁਨੀਆਂ ਚ ਬੰਦੇ ਦਾ ਕੰਮ ਆ ਬੰਦਗੀ ਕਰਨਾ, ਸੇਵਾ ਕਰਨਾ , ਫਲ ਦੇਣਾ ਆ ਪ੍ਰਮਾਤਮਾ ਦਾ ਕੰਮ । ਅਜਿਹੀ ਸ਼ਖਸੀਅਤ ਦੇ ਹੀ ਮਾਲਕ ਸਨ ,ਬਾਪੂ ਸਾਧੂ ਸਿੰਘ ਖਾਨਪੁਰ । ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇਕ ਇਕ ਪਲ ਸਿੱਖ ਕੌਮ ਅਤੇ ਸਮਾਜ ਸੇਵਾ ਦੇ ਲੇਖੇ ਲਾਇਆ ਹੈ । ਬਾਪੁੂ ਸਾਧੂ ਸਿੰਘ ਖਾਨਪੁਰ ਬੀਤੀ  29 ਜੁਲਾਈ ਨੂੰ ਇਸ ਦੁਨੀਆਂ ਤੋਂ  90 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਹਨ  ।
ਬਾਪੂ ਸਾਧੂ ਸਿੰਘ ਖਾਨਪੁਰ ਦਾ ਇੱਕ ਜਵਾਨ ਪੁੱਤ ਜਗਮੇਲ ਸਿੰਘ ਜੱਗਾ ਖਾੜਕੂ ਸੰਘਰਸ਼ ਦੌਰਾਨ 1988 ਵਿੱਚ ਇੱਕ ਪੁਲੀਸ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ । ਇਸ ਤੋਂ ਇਲਾਵਾ ਉਨ੍ਹਾਂ ਦਾ ਇਕ ਜਵਾਈ ਭਾਈ ਦਲਜੀਤ ਸਿੰਘ ਮੱਲਾ ਬੱਬਰ ਖਾਲਸਾ ਜਥੇਬੰਦੀ ਦਾ ਜਰਨੈਲ  ਵੀ ਸਾਲ 1991 ਵਿੱਚ ਸਿੱਖ ਖਾੜਕੂ ਲਹਿਰ ਦੀ ਭੇਂਟ ਚੜ੍ਹ ਗਏ ਸਨ । ਆਪਣੇ ਪਰਿਵਾਰ ਦੇ 2 ਨੌਜਵਾਨ ਬੱਚੇ ਸਹੀਦ   ਕਰਵਾਉਣ ਤੋਂ ਬਾਅਦ ਵੀ ਉਹ ਜ਼ਿੰਦਗੀ ਵਿੱਚ ਕਦੇ ਡੋਲੇ ਨਹੀਂ ,ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਬਾ ਅਰਸਾ ਠਾਣਿਆਂ ,ਕਚਿਹਰੀਆ ਵਿੱਚ ਹੀ ਗੁਜ਼ਾਰ ਦਿੱਤਾ । ਉਨ੍ਹਾਂ ਨੇ  ਹਰ ਆਫ਼ਤ  ਦਾ ਡਟ ਕੇ ਮੁਕਾਬਲਾ ਕੀਤਾ।  ਉਹ ਆਮ ਹੀ ਕਹਿੰਦੇ ਸਨ ਕਿ ਜੀਵਨ ਵਿੱਚ ਜੋ ਸਬਕ ਖਾਲ੍ਹੀ ਪੇਟ ,ਖਾਲ੍ਹੀ ਜੇਬ ,ਮਾੜਾ ਵਕਤ ਸਿਖਾਉਂਦਾ ਹੈ ਉਹ ਕੋਈ ਸਕੂਲ ਜਾਂ ਯੂਨੀਵਰਸਿਟੀ ਨਹੀਂ ਸਿਖਾਉਂਦੀ। ਕਿਉਂਕਿ ਮਾੜਾ ਵਕਤ ਹੀ ਮਨੁੱਖ ਨੂੰ ਹੌਂਸਲਾ, ਬਹਾਦਰੀ, ਦ੍ਰਿੜ੍ਹਤਾ ਸਵੈਮਾਨ ਅਤੇ ਅਣਖ ਨਾਲ ਜਿਊਣਾ ਸਿਖਾਉਂਦਾ ਹੈ । ਬਾਪੂ ਸਾਧੂ ਸਿੰਘ ਖਾਨਪੁਰ ਨੇ ਆਪਣੇ ਚਾਰੇ ਬੇਟੇ ਅਤੇ ਚਾਰ ਬੇਟੀਆਂ ਤੋਂ ਇਲਾਵਾ   ਪੋਤੇ , ਪੋਤੀਆ, ਦੋਹਤੇ ਦੋਹਤੀਆਂ ,ਨੂੰ ਪੜ੍ਹਾ ਲਿਖਾ ਕੇ ਅਤੇ ਵਧੀਆ ਸੰਸਕਾਰ ਦੇ ਕੇ ਨਾ ਸਿਰਫ਼ ਸਮਾਜ ਦੇ ਹਾਣੀ ਬਣਾਇਆ ਸਗੋਂ ਅੱਜ ਉਨ੍ਹਾਂ ਦਾ ਹੱਸਦਾ ਵੱਸਦਾ ਪਰਿਵਾਰ ਵਿਦੇਸ਼ਾਂ ਵਿੱਚ ਰਹਿ ਕੇ ਵੀ  ਸਮਾਜ ਵਿੱਚ  ਆਪਣੀ ਵਿਲੱਖਣ ਪਹਿਚਾਣ ਬਣਾਈ ਬੈਠਾ ਹੈ । ਉਨ੍ਹਾਂ ਦਾ ਅਮਰੀਕਾ ਵੱਸਦਾ  ਵੱਡਾ ਪੁੱਤਰ ਰਘਵੀਰ ਸਿੰਘ ਖਾਨਪੁਰ ਇਲਾਕੇ ਦੀ ਇੱਕ  ਸਮਾਜ ਸੇਵੀ ਮੋਹਤਬਰ ਸ਼ਖ਼ਸੀਅਤ ਹੈ । ਇਸ ਤੋਂ ਇਲਾਵਾ ਉਨ੍ਹਾਂ ਦੇ ਸਪੁੱਤਰ ਜਸਬੀਰ ਸਿੰਘ ਜੋ  ਸਿੰਧ ਬੈਂਕ ਵਿੱਚੋਂ ਮੈਨੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ ਹੈ ਅਤੇ ਜੋਰਾ ਸਿੰਘ ਆਪਣੇ ਪਿਓ ਦਾਦੇ ਦੀ ਵਿਰਾਸਤ ਨੂੰ ਅੱਗੇ ਤੋਰ ਰਿਹਾ ਹੈ। ਉਨ੍ਹਾਂ ਦੀਆਂ ਚਾਰੇ ਬੇਟੀਆਂ ਆਪੋ ਆਪਣੇ ਘਰਾਂ ਵਿਚ ਵਧੀਆ ਸੈਟਲ ਹਨ । ਬਾਪੂ ਸਾਧੂ ਸਿੰਘ ਖਾਨਪੁਰ ਜੋ ਹਰ ਸਮਾਜ ਸੇਵੀ ਕੰਮ ਦੇ ਵਿੱਚ ਵੱਧ ਚੜ੍ਹ ਕੇ ਹੱਥ ਵਟਾਉਂਦੇ ਸਨ ,ਬਹੁਤੇ ਮਿੱਠ ਬੋਲੜੇ, ਨਿਮਰਤਾ , ਸਾਊ ਸੁਭਾਅ ਅਤੇ ਧਾਰਮਿਕ ਵਿਚਾਰਾਂ ਵਾਲੇ ਸ਼ਖ਼ਸੀਅਤ ਸਨ। ਉਨ੍ਹਾਂ ਦਾ ਇਲਾਕੇ ਵਿਚ ਬਹੁਤ ਵੱਡਾ ਸਤਿਕਾਰ ਸੀ । ਉਨ੍ਹਾਂ ਦੇ ਜਾਣ ਜਿੱਥੇ ਚਾਹਿਲ ਪਰਿਵਾਰ ਨੂੰ  ਇਕ ਵੱਡਾ ਘਾਟਾ ਪਿਆ, ਉੱਥੇ  ਇਲਾਕਾ ਵੀ ਇੱਕ ਮਹਾਨ ਸ਼ਖ਼ਸੀਅਤ ਤੋਂ ਵਾਂਝਾ ਹੋ ਗਿਆ ਹੈ । ਬਾਪੂ ਸਾਧੂ ਸਿੰਘ ਖਾਨਪੁਰ ਦੇ ਨਮਿਤ  ਪਾਠ ਦਾ ਭੋਗ ਅਤੇ ਅੰਤਿਮ ਅਰਦਾਸ  7 ਅਗਸਤ ਦਿਨ ਐਤਵਾਰ ਨੂੰ ਦੁਪਹਿਰ  12 ਤੋਂ  1 ਵਜੇ ਤਕ ਗੁਰਦੁਆਰਾ ਸਾਹਿਬ ਪਿੰਡ ਖਾਨਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਹੋਵੇਗੀ। ਜਿੱਥੇ ਰਾਜਨੀਤਕ, ਸਮਾਜਿਕ ਆਗੂ  ਵਿਛੜੀ ਰੂਹ ਨੂੰ ਆਪਣੀਆਂ ਸ਼ਰਧਾਂਜਲੀਆਂ ਭੇਟ ਕਰਨਗੇ।
ਜਗਰੂਪ ਸਿੰਘ ਜਰਖੜ
ਖੇਡ ਲੇਖਕ
ਫੋਨ ਨੰਬਰ  9814300722

Share