ਨਵੀਂ ਦਿੱਲੀ, 22 ਮਾਰਚ (ਪੰਜਾਬ ਮੇਲ)- ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੰਮਿ੍ਰਤਸਰ ’ਚ ਮਿਲੇ ਹੱਥ ਗੋਲਿਆਂ ਦੇ ਮਾਮਲੇ ’ਚ ਕਥਿਤ 7 ਖਾਲਿਸਤਾਨੀ ਸਮਰਥਕਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਉਨ੍ਹਾਂ ਨੂੰ ਮੁਹਾਲੀ ’ਚ ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਗਿਆ। ਜਿਨ੍ਹਾਂ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਗਈ ਹੈ, ਉਨ੍ਹਾਂ ’ਚ ਜੱਜਬੀਰ ਸਿੰਘ ਸਮਰਾ, ਵਰਿੰਦਰ ਸਿੰਘ ਚਹਿਲ, ਕੁਲਬੀਰ ਸਿੰਘ, ਮਨਜੀਤ ਕੌਰ, ਤਰਨਬੀਰ ਸਿੰਘ, ਕੁਲਵਿੰਦਰਜੀਤ ਸਿੰਘ (ਬੱਬਰ ਖਾਲਸਾ ਇੰਟਰਨੈਸ਼ਨਲ) ਅਤੇ ਹਰਮੀਤ ਸਿੰਘ (ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਥਿਤ ਮੁਖੀ) ਦੇ ਨਾਮ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਧਮਾਕਾਖੇਜ਼ ਸਮਗੱਰੀ ਐਕਟ ਅਤੇ ਯੂ.ਏ.ਪੀ.ਏ. ਦੀਆਂ ਵੱਖ-ਵੱਖ ਧਾਰਾਵਾਂ ਲਾਈਆਂ ਗਈਆਂ ਹਨ। ਇਹ ਕੇਸ ਜੂਨ 2019 ਦਾ ਹੈ, ਜਦੋਂ ਪੰਜਾਬ ਪੁਲਿਸ ਨੇ ਇਕ ਬੈਗ ’ਚੋਂ ਹੱਥ ਗੋਲੇ ਅਤੇ ਮੋਬਾਈਲ ਫੋਨ ਬਰਾਮਦ ਕੀਤਾ ਸੀ, ਜੋ ਦਿਹਾਤੀ ਅੰਮਿ੍ਰਤਸਰ ’ਚ ਪੁਲਿਸ ਵੱਲੋਂ ਚੈਕਿੰਗ ਸਮੇਂ ਇਕ ਬੱਸ ਸਟਾਪ ’ਤੇ ਮੋਟਰ ਸਾਈਕਲ ’ਤੇ ਸਵਾਰ ਦੋ ਵਿਅਕਤੀਆਂ ਨੇ ਸੁੱਟਿਆ ਸੀ।