ਕੌਮੀ ਜਾਂਚ ਏਜੰਸੀ ਵੱਲੋਂ ਪਰਮਜੀਤ ਸਿੰਘ ਪੰਮਾ ਦੇ ਘਰ ਛਾਪੇਮਾਰੀ

687
ਪਰਮਜੀਤ ਸਿੰਘ ਪੰਮਾ ਦੇ ਮਾਪੇ ਜਾਣਕਾਰੀ ਦਿੰਦੇ ਹੋਏ।
Share

-ਬਜ਼ੁਰਗ ਮਾਪਿਆਂ ਤੋਂ ਕੀਤੀ ਲੰਮੀ ਪੁੱਛਗਿੱਛ
ਮੁਹਾਲੀ, 15 ਜੁਲਾਈ (ਪੰਜਾਬ ਮੇਲ)- ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਵਿਸ਼ੇਸ਼ ਟੀਮ ਨੇ ਅਚਾਨਕ ਇੱਥੋਂ ਦੇ ਫੇਜ਼-3ਬੀ2 ਸਥਿਤ ਬੱਬਰ ਖਾਲਸਾ ਦੇ ਖਾੜਕੂ ਪਰਮਜੀਤ ਸਿੰਘ ਪੰਮਾ ਦੀ ਰਿਹਾਇਸ਼ ‘ਤੇ ਛਾਪਾ ਮਾਰ ਕੇ ਉਸ ਦੇ ਬਜ਼ੁਰਗ ਮਾਪਿਆਂ ਤੋਂ ਲੰਮੀ ਪੁੱਛਗਿੱਛ ਕੀਤੀ ਅਤੇ ਸਾਰੇ ਘਰ ਦੀ ਤਲਾਸ਼ੀ ਲਈ। ਜਾਣਕਾਰੀ ਅਨੁਸਾਰ ਪੰਮਾ ਲੰਮੇ ਸਮੇਂ ਤੋਂ ਵਿਦੇਸ਼ ਵਿਚ ਹੈ। ਇਸ ਵੇਲੇ ਉਹ ਲੰਡਨ ਵਿਚ ਗੁਰਪਤਵੰਤ ਸਿੰਘ ਪੰਨੂ ਨਾਲ ਗਤੀਵਿਧੀਆਂ ‘ਚ ਹਿੱਸਾ ਲੈ ਰਿਹਾ ਹੈ। ਮੁਹਾਲੀ ਵਿਚਲੇ ਘਰ ਵਿਚ ਸਿਰਫ਼ ਉਸ ਦੇ ਮਾਤਾ-ਪਿਤਾ ਰਹਿੰਦੇ ਹਨ।

ਪਰਮਜੀਤ ਸਿੰਘ ਪੰਮਾ ਦੀ ਫਾਈਲ ਫੋਟੋ।

ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਰੈਫਰੈਂਡਰਮ-2020 ਦੇ ਕਾਰਕੁਨਾਂ ਦੀ ਫੜੋ-ਫੜੀ ਜਾਰੀ ਹੈ। ਐੱਨ.ਆਈ.ਏ. ਦੀ ਇਸ ਕਾਰਵਾਈ ਨੂੰ ਵੀ ਉਸੇ ਨਾਲ ਜੋੜਿਆ ਜਾ ਰਿਹਾ ਹੈ। ਪੰਮੇ ਦੀ ਮਾਤਾ ਬੀਬੀ ਰਤਨ ਕੌਰ ਅਤੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਐੱਨ.ਆਈ.ਏ. ਦੀ ਟੀਮ ਸਵੇਰੇ ਸਾਢੇ 10 ਕੁ ਵਜੇ ਉਨ੍ਹਾਂ ਦੇ ਘਰ ਆਈ ਸੀ ਅਤੇ ਸ਼ਾਮ 4 ਵਜੇ ਤੱਕ ਘਰ ਦੀ ਫਰੋਲਾ- ਫਰੋਲੀ ਕਰਦੀ ਰਹੀ। ਟੀਮ ਨੇ ਸਾਰੇ ਘਰ ਦੀ ਬਰੀਕੀ ਨਾਲ ਛਾਣਬੀਣ ਕੀਤੀ ਅਤੇ ਉਨ੍ਹਾਂ ਦੇ ਬੈਂਕ ਖਾਤੇ ਦੇ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਵਿਦੇਸ਼ ਤੋਂ ਪੰਮੇ ਵੱਲੋਂ ਭੇਜੇ ਜਾਂਦੇ ਪੈਸਿਆਂ ਅਤੇ ਹੋਰਨਾਂ ਵਿਦੇਸ਼ੀ ਫੰਡਾਂ ਬਾਰੇ ਪੁੱਛਿਆ ਗਿਆ। ਬੀਬੀ ਰਤਨ ਕੌਰ ਨੇ ਦੱਸਿਆ ਕਿ ਉਹ 2015 ਵਿਚ ਪਰਮਜੀਤ ਨੂੰ ਪੁਰਤਗਾਲ ਜੇਲ੍ਹ ‘ਚ ਮਿਲ ਕੇ ਆਏ ਸਨ। ਉਸ ਤੋਂ ਬਾਅਦ ਉਨ੍ਹਾਂ ਦੀ ਪੰਮੇ ਨਾਲ ਕਦੇ ਕੋਈ ਗੱਲਬਾਤ ਨਹੀਂ ਹੋਈ।


Share