ਕੌਮੀ ਜਾਂਚ ਏਜੰਸੀ ਪੰਨੂੰ ਅਤੇ ਨਿੱਝਰ ਦੀ ਜਾਇਦਾਦ ਕਰੇਗੀ ਜ਼ਬਤ

620
ਗੁਰਪਤਵੰਤ ਪੰਨੂੰ ਤੇ ਹਰਦੀਪ ਨਿੱਝਰ

ਨਵੀਂ ਦਿੱਲੀ, 9 ਸਤੰਬਰ (ਪੰਜਾਬ ਮੇਲ)-ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀ ਜਾਇਦਾਦ ਨੂੰ ਜ਼ਬਤ ਕਰੇਗੀ। ਪੰਨੂੰ ਅਮਰੀਕਾ ਆਧਾਰਿਤ ਪਾਬੰਦੀਸ਼ੁਦਾ ਸੰਗਠਨ ਸਿੱਖ ਆਫ਼ ਜਸਟਿਸ (ਐੱਸ.ਐੱਫ.ਜੇ.) ਦਾ ਸਰਗਰਮ ਮੈਂਬਰ ਹੈ, ਜਦਕਿ ਨਿੱਝਰ ਕੈਨੇਡਾ ਵੈਸਟ ਖਾਲਿਸਤਾਨ ਟਾਈਗਰ ਫ਼ੋਰਸ ਦਾ ਮੁਖੀ ਹੈ। ਕੌਮੀ ਜਾਂਚ ਏਜੰਸੀ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਨੇ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ ਦੇ ਸੈਕਸ਼ਨ 51-ਏ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਨੂੰ ਦੀ ਅੰਮ੍ਰਿਤਸਰ ਅਤੇ ਨਿੱਝਰ ਦੀ ਜਲੰਧਰ ਸਥਿਤ ਜਾਇਦਾਦ ਨੂੰ ਕੁਰਕ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਸਾਲ ਜੁਲਾਈ ‘ਚ ਪੰਨੂੰ ਅਤੇ ਨਿੱਝਰ ਸਮੇਤ 9 ਨੂੰ ਯੂ.ਪੀ.ਏ. ਕਾਨੂੰਨ ਦੇ ਨਿਯਮਾਂ ਤਹਿਤ ਅੱਤਵਾਦੀ ਐਲਾਨਿਆ ਗਿਆ ਸੀ। ਐੱਸ.ਐੱਫ.ਜੇ. ਅਤੇ ਖ਼ਾਲਿਸਤਾਨ ਟਾਈਗਰ ਫ਼ੋਰਸ ਦੋਵੇਂ ਹੀ ਵੱਖਵਾਦੀ ਖ਼ਾਲਿਸਤਾਨੀ ਸੰਗਠਨ ਹੈ।
ਦਿੱਲੀ ਤੋਂ ਆਈ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਟੀਮ ਨੇ ਨੇੜਲੇ ਪਿੰਡ ਭਾਰਸਿੰਘਪੁਰਾ ਦੇ ਵਸਨੀਕ ਹਰਦੀਪ ਸਿੰਘ ਨਿੱਝਰ ਪੁੱਤਰ ਪਿਆਰਾ ਸਿੰਘ ਦੀ ਜਾਇਦਾਦ ਸੀਲ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿੰਡ ਭਾਰਸਿੰਘਪੁਰਾ ‘ਚ ਮੀਡੀਆ ਦਾ ਤਾਂਤਾ ਲੱਗਾ ਰਿਹਾ। ਪਿੰਡ ਵਾਸੀਆਂ ਨੇ ਦੱਸਿਆ ਕਿ ਦਿੱਲੀ ਤੋਂ ਐੱਨ.ਆਈ.ਏ. ਦੇ ਡੀ.ਐੱਸ.ਪੀ. ਦੀ ਅਗਵਾਈ ਹੇਠ ਇਕ ਟੀਮ ਅਕਸਰ ਪਿੰਡ ਭਾਰਸਿੰਘਪੁਰਾ ‘ਚ ਆਉਂਦੀ-ਜਾਂਦੀ ਰਹਿੰਦੀ ਹੈ ਅਤੇ ਹਰਦੀਪ ਸਿੰਘ ਨਿੱਝਰ ਸਬੰਧੀ ਪੁੱਛਗਿੱਛ ਕਰਦੀ ਰਹਿੰਦੀ ਹੈ। ਪਿੰਡ ਵਾਸੀਆਂ ਨੇ ਦੱਬੀ ਜ਼ੁਬਾਨ ‘ਚ ਦੱਸਿਆ ਕਿ ਹਰਦੀਪ ਸਿੰਘ ਨਿੱਝਰ 1992 ਦੇ ਕਰੀਬ ਇੱਥੋਂ ਵਿਦੇਸ਼ ਚਲੇ ਗਏ ਸਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਕਸਰ ਇੱਥੇ ਪਿੰਡ ਆਪਣੇ ਘਰ ਆਉਂਦੇ-ਜਾਂਦੇ ਰਹਿੰਦੇ ਹਨ। ਉਨ੍ਹਾਂ ਆਪਣੇ ਨਾਂਅ ਨਾ ਦੱਸਣ ਦੀ ਸ਼ਰਤ ‘ਤੇ ਦੱਸਿਆ ਕਿ ਦਿੱਲੀ ਤੋਂ ਆਈ ਟੀਮ ਦੇ ਮੈਂਬਰਾਂ ਅਨੁਸਾਰ ਹਰਦੀਪ ਸਿੰਘ ਨਿੱਝਰ ਕਥਿਤ ਤੌਰ ‘ਤੇ ਸਿੱਖਸ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਦੇ ਨੇੜਲੇ ਸਾਥੀਆਂ ‘ਚੋਂ ਇਕ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਦਿੱਲੀ ਤੋਂ ਆਈ ਟੀਮ ਨੇ ਨਿੱਝਰ ਦਾ ਘਰ ਸੀਲ ਕਰ ਦਿੱਤਾ।