ਕੋਵੈਕਸੀਨ ਨੂੰ ਅਮਰੀਕੀ ਮਨਜ਼ੂਰੀ ਮਿਲਣ ਲਈ ਲੱਗ ਸਕਦੈ ਕੁਝ ਹੋਰ ਸਮਾਂ

118
Share

-ਐੱਫ.ਡੀ.ਏ. ਨੇ ਹੋਰ ਡੇਟਾ ਮੰਗਿਆ
ਅਮਰੀਕੀ ਫੈਸਲੇ ਨਾਲ ਭਾਰਤ ਦਾ ਟੀਕਾਕਰਨ ਪ੍ਰੋਗਰਾਮ ਨਹੀਂ ਹੋਵੇਗਾ ਅਸਰਅੰਦਾਜ਼: ਸਰਕਾਰ
ਨਵੀਂ ਦਿੱਲੀ, 11 ਜੂਨ (ਪੰਜਾਬ ਮੇਲ)- ਭਾਰਤ ਬਾਇਓਟੈੱਕ ਦੀ ਕੋਵਿਡ-19 ਵੈਕਸੀਨ ਕੋਵੈਕਸੀਨ ਨੂੰ ਝਟਕਾ ਦਿੰਦੇ ਹੋਏ ਯੂ.ਐੱਸ. ਦੇ ਖੁਰਾਕ ਅਤੇ ਡਰੱਗ ਰੈਗੂਲੇਟਰ (ਐੱਫ.ਡੀ.ਏ.) ਨੇ ਇਸ ਦੇ ਅਮਰੀਕੀ ਭਾਈਵਾਲ ਓਕਿਊਜ਼ੇਨ ਇੰਕ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤੀ ਟੀਕੇ ਦੀ ਵਰਤੋਂ ਲਈ ਮਨਜ਼ੂਰੀ ਲੈਣ ਲਈ ਹੋਰ ਅੰਕੜਿਆਂ ਨਾਲ ਜੈਵਿਕ ਲਾਇਸੈਂਸ ਐਪਲੀਕੇਸ਼ਨ (ਬੀ.ਐੱਲ.ਏ.) ਨੂੰ ਅਪੀਲ ਕਰੇ। ਅਜਿਹੀ ਸਥਿਤੀ ਵਿਚ ਕੋਵੈਕਸੀਨ ਨੂੰ ਅਮਰੀਕਾ ਦੀ ਮਨਜ਼ੂਰੀ ਮਿਲਣ ਲਈ ਕੁਝ ਹੋਰ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ.ਕੇ.ਪੌਲ ਨੇ ਕਿਹਾ, ‘‘ਹਰੇਕ ਮੁਲਕ ਦਾ ਆਪਣਾ ਰੈਗੂਲੇਟਰੀ ਪ੍ਰਬੰਧ ਹੁੰਦਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਵੈਕਸੀਨ ਨਿਰਮਾਤਾ ਕੰਪਨੀ ਅਮਰੀਕੀ ਰੈਗੂਲੇਟਰ ਵੱਲੋਂ ਲੋੜੀਂਦੀਆਂ ਸ਼ਰਤਾਂ ਨੂੰ ਪੂਰਾ ਕਰਨ ਦੇ ਸਮਰੱਥ ਹੋਵੇਗੀ। ਉਂਜ ਇਕ ਗੱਲ ਸਾਫ਼ ਹੈ ਕਿ ਇਸ (ਫੈਸਲੇ) ਨਾਲ ਸਾਡਾ ਟੀਕਾਕਰਨ ਪ੍ਰੋਗਰਾਮ ਅਸਰਅੰਦਾਜ਼ ਨਹੀਂ ਹੋਵੇਗਾ।’’ ਪੌਲ ਨੇ ਕਿਹਾ ਕਿ ਭਾਰਤ ਦਾ ਰੈਗੂਲੇਟਰੀ ਪ੍ਰਬੰਧ ਵੀ ਇਸੇ ਤਰੀਕੇ ਨਾਲ ਫੈਸਲੇ ਲੈਂਦਾ ਹੈ।’’ ਉਨ੍ਹਾਂ ਕਿਹਾ ਕਿ ਕੋਵੈਕਸੀਨ ਦੇ ਤੀਜੇ ਗੇੜ ਦੇ ਨਤੀਜਿਆਂ ਨੂੰ ਅਗਲੇ 7 ਤੋਂ 8 ਦਿਨਾਂ ਵਿਚ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਡੇਟਾ ਭਾਰਤੀ ਡਰੱਗ ਰੈਗੂਲੇਟਰ ਨਾਲ ਸਾਂਝੇ ਕੀਤੇ ਡੇਟਾ ਨਾਲੋਂ ਵੱਖਰਾ ਹੈ।

Share