ਕੋਵਿਡ-19: ਵਿਸ਼ਵ ਬੈਂਕ ਵੱਲੋਂ ਭਾਰਤ ਦੇ ਗਰੀਬ ਤੇ ਕਮਜ਼ੋਰ ਵਰਗਾਂ ਨੂੰ ਸਮਾਜਿਕ ਮਦਦ ਦੇਣ ਲਈ 1 ਅਰਬ ਅਮਰੀਕੀ ਡਾਲਰ ਕਰਜ਼ਾ ਪ੍ਰਵਾਨ

699
Share

ਨਵੀਂ ਦਿੱਲੀ, 16 ਮਈ (ਪੰਜਾਬ ਮੇਲ)- ਵਿਸ਼ਵ ਬੈਂਕ ਵਲੋਂ ਕੋਵਿਡ-19 ਮਹਾਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਭਾਰਤ ਦੇ ਗਰੀਬ ਅਤੇ ਕਮਜ਼ੋਰ ਵਰਗਾਂ ਨੂੰ ਸਮਾਜਿਕ ਮਦਦ ਦੇਣ ਲਈ ਇੱਕ ਅਰਬ ਅਮਰੀਕੀ ਡਾਲਰ ਦਾ ਕਰਜ਼ਾ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਇਸ ਨਾਲ ਵਿਸ਼ਵ ਬੈਂਕ ਵਲੋਂ ਕੋਵਿਡ-19 ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਭਾਰਤ ਨੂੰ ਹੁਣ ਤੱਕ ਦਿੱਤੀ ਗਈ ਮਦਦ ਵਧ ਕੇ ਕੁੱਲ ਦੋ ਅਰਬ ਅਮਰੀਕੀ ਡਾਲਰ ਹੋ ਗਈ ਹੈ। ਪਿਛਲੇ ਮਹੀਨੇ ਭਾਰਤ ਦੇ ਸਿਹਤ ਸੈਕਟਰ ਨੂੰ ਤੁਰੰਤ ਮੱਦਦ ਦੇਣ ਲਈ ਇੱਕ ਅਰਬ ਅਮਰੀਕੀ ਡਾਲਰ ਦੀ ਮੱਦਦ ਦਾ ਐਲਾਨ ਕੀਤਾ ਗਿਆ ਸੀ। ਭਾਰਤ ਵਿੱਚ ਵਿਸ਼ਵ ਬੈਂਕ ਦੇ ਕੰਟਰੀ ਡਾਇਰੈਕਟਰ ਜੁਨੈਦ ਅਹਿਮਦ ਨੇ ਦੱਸਿਆ ਕਿ ਦੇਸ਼ ਦੇ ਲਘੂ, ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਮੱਦਦ ਦੇਣ ਬਾਰੇ ਸਰਕਾਰ ਨਾਲ ਚਰਚਾ ਕੀਤੀ ਜਾ ਰਹੀ ਹੈ। ਇਸ ਇੱਕ ਅਰਬ ਦੀ ਮੱਦਦ ਵਿੱਚੋਂ 550 ਅਮਰੀਕੀ ਡਾਲਰ ਵਿਸ਼ਵ ਬੈਂਕ ਦੇ ਕੌਮਾਂਤਰੀ ਵਿਕਾਸ ਸੰਗਠਨ (ਆਈਡੀਏ) ਵਲੋਂ ਦਿੱਤੇ ਜਾਣਗੇ, 250 ਮਿਲੀਅਨ ਅਮਰੀਕੀ ਡਾਲਰ ਪੁਨਰ-ਨਿਰਮਾਣ ਅਤੇ ਵਿਕਾਸ ਲਈ ਕੌਮਾਂਤਰੀ ਬੈਂਕ (ਆਈਬੀਆਰਡੀ) ਵਲੋਂ ਕਰਜ਼ੇ ਦੇ ਤੌਰ ‘ਤੇ ਦਿੱਤੇ ਜਾਣਗੇ। ਬਾਕੀ ਬਚੇ 250 ਮਿਲੀਅਨ ਡਾਲਰ 30 ਜੂਨ, 2020 ਤੋਂ ਬਾਅਦ ਉਪਲੱਬਧ ਕਰਵਾਏ ਜਾਣਗੇ। ਇਹ ਪ੍ਰੋਗਰਾਮ ਕੇਂਦਰੀ ਵਿੱਤ ਮੰਤਰਾਲੇ ਵਲੋਂ ਲਾਗੂ ਕੀਤਾ ਜਾਵੇਗਾ। ਵਿਸ਼ਵ ਬੈਂਕ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਤਾਜ਼ਾ ਮੱਦਦ ਦੋ ਪੜਾਵਾਂ ਵਿੱਚ ਦਿੱਤੀ ਜਾਵੇਗੀ।


Share