ਕੋਵਿਡ-19: ਯੂ.ਕੇ. ਤੋਂ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਪੁੱਜੇ 20 ਕਰੋਨਾ ਪਾਜ਼ੀਟਿਵ ਯਾਤਰੀ

135
Share

ਨਵੀਂ ਦਿੱਲੀ, 23 ਦਸੰਬਰ (ਪੰਜਾਬ ਮੇਲ)-  ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਯੂ.ਕੇ. ਤੋਂ ਪੁੱਜਣ ਵਾਲੇ 20 ਯਾਤਰੀਆਂ ਦੀਆਂ ਕਰੋਨਾ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ। ਜਾਣਕਾਰੀ ਮੁਤਾਬਕ ਦਿੱਲੀ ’ਚ 6, ਅੰਮ੍ਰਿਤਸਰ ’ਚ 8, ਕੋਲਕਾਤਾ ਵਿਚ 2 ਤੇ ਅਹਿਮਦਾਬਾਦ ’ਚ 4 ਯਾਤਰੀਆਂ ਦੀਆਂ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ। ਜ਼ਿਕਰਯੋਗ ਹੈ ਕਿ ਲੰਡਨ ਤੋਂ ਅੰਮ੍ਰਿਤਸਰ ਪੁੱਜੀ ਹਵਾਈ ਉਡਾਣ ’ਚ 264 ਯਾਤਰੀ ਸਵਾਰ ਸਨ। ਇਸੇ ਤਰ੍ਹਾਂ ਪਿਛਲੇ ਇੱਕ ਹਫ਼ਤੇ ’ਚ ਤੇਲੰਗਾਨਾ ’ਚ ਯੂ.ਕੇ. ਤੋਂ ਕੁੱਲ 358 ਯਾਤਰੀ ਪੁੱਜੇ ਹਨ ਅਤੇ ਪ੍ਰੇਸਾਨ ਇਨ੍ਹਾਂ ਯਾਤਰੀਆਂ ਦਾ ਪਤਾ ਲਾਉਣ ’ਚ ਜੁਟਿਆ ਹੋਇਆ ਹੈ।
ਇਸ ਸਬੰਧੀ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਦੱਸਿਆ ਕਿ ਲੰਡਨ ਤੋਂ ਅੰਮ੍ਰਿਤਸਰ ਪੁੱਜੀ ਹਵਾਈ ਉਡਾਣ ਦੇ ਸਾਰੇ 264 ਯਾਤਰੂਆਂ ਦੇ ਕਰੋਨਾ ਸਬੰਧੀ ਆਰ.ਟੀ.ਪੀ.ਸੀ.ਆਰ. ਟੈਸਟ ਕਰਵਾਏ ਗਏ ਹਨ ਤੇ ਪਾਜ਼ੀਟਿਵ ਆਏ ਲੋਕਾਂ ਨੂੰ ਏਕਾਂਤਵਾਸ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਗਲੈਂਡ ਵਿਚ ਕਰੋਨਾ ਦਾ ਨਵਾਂ ਦੌਰ ਆਰੰਭ ਹੋਣ ਕਾਰਨ ਉੱਥੋਂ ਆਉਣ ਵਾਲੀ ਹਵਾਈ ਸੇਵਾ 31 ਦਸੰਬਰ ਤਕ ਬੰਦ ਕਰ ਦਿੱਤੀ ਗਈ ਹੈ ਪਰ ਇਹ ਆਦੇਸ਼ ਜਾਰੀ ਹੋਣ ਤੋਂ ਪਹਿਲਾਂ ਹਵਾਈ ਉਡਾਣ ਉੱਥੋਂ ਰਵਾਨਾ ਹੋ ਚੁੱਕੀ ਸੀ। ਇਸ ਲਈ ਸਾਰੇ ਯਾਤਰੂਆਂ ਦਾ ਕਰੋਨਾ ਟੈਸਟ ਕਰਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਕੰਮ ਲਈ ਸਿਹਤ ਵਿਭਾਗ ਦੀਆਂ ਚਾਰ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ, ਜਿਨ੍ਹਾਂ ਸਾਰੀ ਰਾਤ ਟੈਸਟਿੰਗ ਲਈ ਕੰਮ ਕੀਤਾ। ਉਨ੍ਹਾਂ ਆਖਿਆ ਕਿ ਟੈਸਟ ਦੇ ਨਤੀਜੇ ਆਉਣ ਵਿਚ ਵਧੇਰੇ ਸਮਾਂ ਲੱਗਦਾ ਹੈ ਪਰ ਸਿਹਤ ਵਿਭਾਗ ਦੀ ਟੀਮ ਨੇ ਇਹ ਕੰਮ ਅੱਧੇ ਸਮੇਂ ਵਿਚ ਮੁਕੰਮਲ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਦੀ ਮਨਸ਼ਾ ਕਿਸੇ ਨੂੰ ਤੰਗ ਕਰਨਾ ਨਹੀਂ ਸੀ ਪਰ ਨਵੇਂ ਖ਼ਤਰੇ ਤੋਂ ਬਚਾਉਣ ਲਈ ਕੋਈ ਲਾਪ੍ਰਵਾਹੀ ਵੀ ਨਹੀਂ ਕੀਤੀ ਜਾ ਸਕਦੀ। ਇਸ ਲਈ ਸਾਰੇ ਮੁਸਾਫ਼ਰਾਂ ਨੂੰ ਟੈਸਟ ਦੇ ਨਤੀਜੇ ਆਉਣ ਮਗਰੋਂ ਹੀ ਜਾਣ ਦੀ ਆਗਿਆ ਦਿੱਤੀ ਗਈ ਹੈ। ਇਸ ਦੌਰਾਨ ਹਵਾਈ ਅੱਡੇ ਤੋਂ ਬਾਹਰ ਜਾਣ ਵਿਚ ਦੇਰੀ ਹੋਣ ਕਾਰਨ ਯਾਤਰੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਮੁਜ਼ਾਹਰਾ ਕੀਤਾ ਗਿਆ। ਕੁਝ ਯਾਤਰੀਆਂ ਨੇ ਆਖਿਆ ਕਿ ਉਹ ਆਉਣ ਤੋਂ ਪਹਿਲਾਂ ਹੀ ਕਰੋਨਾ ਟੈਸਟ ਕਰਵਾ ਕੇ ਆਏ ਹਨ, ਜਿਸ ਦਾ ਨਤੀਜਾ ਨੈਗੇਟਿਵ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਇੱਥੇ ਟੈਸਟ ਕੀਤਾ ਗਿਆ। ਇਸੇ ਤਰ੍ਹਾਂ ਯਾਤਰੂਆਂ ਦੇ ਰਿਸ਼ਤੇਦਾਰਾਂ ਨੇ ਆਖਿਆ ਕਿ ਠੰਢ ’ਚ ਬਾਹਰ ਲੰਮੀ ਉਡੀਕ ਕਰਨੀ ਪਈ ਹੈ।
ਹਵਾਈ ਅੱਡਾ ਪ੍ਰਸ਼ਾਸਨ ਨੇ ਆਖਿਆ ਕਿ ਇਸ ਸਬੰਧੀ ਪਹਿਲਾਂ ਹੀ ਮੀਡੀਆ ਰਾਹੀਂ ਯਾਤਰੀਆਂ ਨੂੰ ਲੈਣ ਆ ਰਹੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਹੋਰਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਕਿ ਹਰੇਕ ਯਾਤਰੀ ਦਾ ਕਰੋਨਾ ਟੈਸਟ ਲਾਜ਼ਮੀ ਹੋਣ ਕਾਰਨ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ’ਚ 5 ਤੋਂ 6 ਘੰਟੇ ਦਾ ਵਾਧੂ ਸਮਾਂ ਲੱਗੇਗਾ। ਇਸ ਦੌਰਾਨ ਯਾਤਰੀਆਂ ਦੀ ਮਦਦ ਲਈ ਹਵਾਈ ਅੱਡਾ ਪ੍ਰਸ਼ਾਸਨ ਵੱਲੋਂ ਰਾਤ ਦਾ ਭੋਜਨ, ਫ਼ਲਾਂ ਤੇ ਜੂਸ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ, ਜਦਕਿ ਬੱਚਿਆਂ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।


Share