ਕੋਵਿਡ-19: ਯੂ.ਕੇ. ’ਚ ਹੁਣ ਜਨਤਕ ਥਾਵਾਂ ’ਤੇ ਜਾਣ ਲਈ ‘ਕੋਵਿਡ ਪਾਸਪੋਰਟ’ ਦੀ ਵਿਵਸਥਾ

154
Share

ਲੰਡਨ, 7 ਅਪ੍ਰੈਲ (ਪੰਜਾਬ ਮੇਲ)-ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਕੋਵਿਡ-19 ਕਾਰਨ ਲਗਾਈ ਗਈ ਤਾਲਾਬੰਦੀ ਨੂੰ ਪੜਾਅ ਵਾਰ ਖ਼ਤਮ ਕਰਨ ਲਈ ਕਈ ਕਦਮਾਂ ਦਾ ਐਲਾਨ ਕਰਨ ਜਾ ਰਹੇ ਹਨ, ਜਿਸ ਵਿਚ ਮੈਚ ਦੌਰਾਨ ਅਤੇ ਨਾਈਟ ਕਲੱਬ ਵਿਚ ਕਥਿਤ ‘ਕੋਵਿਡ ਪਾਸਪੋਰਟ’ ਦੀ ਵਿਵਸਥਾ ਵੀ ਸ਼ਾਮਿਲ ਹੈ। ਈਸਟਰ ਸੰਦੇਸ਼ ’ਚ ਬੌਰਿਸ ਜੌਹਨਸਨ ਨੇ ਕਿਹਾ ਕਿ ਕੋਵਿਡ-19 ਕਾਰਨ ਮੁਸ਼ਕਲਾਂ ’ਚ ਬੀਤੇ ਇਕ ਸਾਲ ਤੋਂ ਬਾਅਦ ਬਿਹਤਰ ਸਮਾਂ ਆਉਣ ਵਾਲਾ ਹੈ। ਪ੍ਰਧਾਨ ਮੰਤਰੀ ਵਲੋਂ ਤਾਲਾਬੰਦੀ ਸਬੰਧੀ ਨਵੀਂ ਰੂਪ ਰੇਖਾ ਦੇ ਕੀਤੇ ਜਾਣ ਵਾਲੇ ਐਲਾਨਾਂ ’ਚ ਆਉਣ ਵਾਲੇ ਮਹੀਨਿਆਂ ਦੇ ਕਈ ਪਾਇਲਟ ਪ੍ਰੋਗਰਾਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਨ੍ਹਾਂ ਨਵੇਂ ਐਲਾਨਾਂ ’ਚ ਪਾਇਲਟ ਸਕੀਮ ਤਹਿਤ ਇਕ ਕੋਵਿਡ-ਸਟੇਟਸ ਸਰਟੀਫਿਕੇਟ ਸ਼ਾਮਿਲ ਕੀਤਾ ਗਿਆ ਹੈ, ਜਿਸ ਨੂੰ ਲੰਡਨ ਦੇ ਵਿੰਬਲਡਨ ਸਟੇਡੀਅਮ ਵਿਖੇ ਫੁੱਟਬਾਲ ਐੱਫ.ਏ. ਕੱਪ ਦੇ ਮੈਚ ਵਿਚ ਵਰਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸ ਨੂੰ ਕੋਵਿਡ ਪਾਸਪੋਰਟ ਦਾ ਨਾਮ ਦਿੱਤਾ ਗਿਆ ਹੈ। ਇਹ ਪਾਸਪੋਰਟ ਇਕ ਸਮਾਰਟਫੋਨ ਐਪ ਜਾਂ ਕਾਗਜ਼-ਤਿਆਰ ਸਰਟੀਫਿਕੇਟ ਹੋਵੇਗਾ, ਜਿਸ ਦੀ ਵਰਤੋਂ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਜੌਹਨਸਨ ਦੀ ਇਹ ਕਾਰਵਾਈ ਸਾਰੀਆਂ ਪਾਬੰਦੀਆਂ ਨੂੰ 21 ਜੂਨ ਤੱਕ ਹਟਾਏ ਜਾਣ ਦੀ ਯੋਜਨਾ ਤਹਿਤ ਹੈ ਅਤੇ ਇਨ੍ਹਾਂ ਨੂੰ ਮਈ ਦੇ ਮੱਧ ਤੱਕ ਟੈਸਟ ਕੀਤੇ ਜਾਣ ਦੀ ਤਜਵੀਜ਼ ਹੈ। ਕੈਬਨਿਟ ਦਫ਼ਤਰ ਦੇ ਮੰਤਰੀ ਮਾਈਕਲ ਗੋਵ ਨੇ ਦੱਸਿਆ ਕਿ ਟੀਕਾਕਰਨ ਇਕ ਸ਼ਕਤੀਸ਼ਾਲੀ ਹਥਿਆਰ ਹੈ ਪਰ ਇਹ ਕਦੇ ਵੀ 100 ਫ਼ੀਸਦੀ ਸੁਰੱਖਿਆ ਨਹੀਂ ਦੇ ਸਕਦਾ। ਜੌਹਨਸਨ ਨੇ ਈਸਟਰ ਦੇ ਸੰਦੇਸ਼ ਵਿਚ ਕਿਹਾ ਕਿ ਤਾਲਾਬੰਦੀ ਦੀਆਂ ਪਾਬੰਦੀਆਂ ਕਾਰਨ ਇਕ ਸਾਦਾ ਤਿਉਹਾਰ ਮਨਾਇਆ ਹੈ ਪਰ ਆਉਣ ਵਾਲੇ ਹਫ਼ਤਿਆਂ ’ਚ ਇਨ੍ਹਾਂ ਪਾਬੰਦੀਆਂ ਨੂੰ ਖ਼ਤਮ ਕਰਨ ਦੀ ਉਮੀਦ ਕੀਤੀ। ਪਿਛਲੇ 12 ਮਹੀਨੇ ਬਹੁਤ ਮੁਸ਼ਕਿਲ ਸਨ ਪਰ ਈਸਟਰ ਨੇ ਨਵੀਂ ਆਸ ਲਿਆਂਦੀ ਹੈ।

Share