ਕੋਵਿਡ 19 ਮਹਾਂਮਾਰੀ ਤੋਂ ਬਚਾਅ ਲਈ ਅਮਰੀਕਾ ਨੇ ਭਾਰਤ ਦੀ ਮਦਦ ਲਈ ਵਧਾਏ ਹੱਥ

231
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ: 916-320-9444
ਭਾਰਤ ’ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਮੌਤਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਲੱਖਾਂ ਲੋਕ ਇਸ ਦੀ ਚਪੇਟ ਵਿਚ ਆ ਚੁੱਕੇ ਹਨ। ਅਫਸੋਸ ਹੈ ਕਿ ਹਾਕਮ ਪਿਛਲੇ ਦਿਨਾਂ ਦੌਰਾਨ ਚੋਣ ਰੈਲੀਆਂ ਕਰ ਰਹੇ ਸਨ। ਕੁੰਭ ਦੇ ਮੇਲੇ ’ਚ ਵੱਧ ਰਹੀ ਗਿਣਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ। ਪਰ ਕੋਵਿਡ-19 ਦੀ ਇਸ ਭਿਆਨਕ ਬਿਮਾਰੀ ਵੱਲ ਸਰਕਾਰ ਦਾ ਧਿਆਨ ਨਹੀਂ ਗਿਆ, ਜਿਸ ਦਾ ਨਤੀਜਾ ਅੱਜ ਸਾਡੇ ਸਾਰਿਆਂ ਸਾਹਮਣੇ ਹੈ। ਹਸਪਤਾਲ ਭਰੇ ਹੋਏ ਹਨ। ਪਰ ਉਥੇ ਵੀ ਮਰੀਜ਼ਾਂ ਲਈ ਆਕਸੀਜਨ ਸਮੇਤ ਹੋਰਨਾਂ ਸਹੂਲਤਾਂ ਦੀ ਕਮੀ ਦੇਖੀ ਗਈ ਹੈ। ਇਲਾਜ ਦੇ ਨਾਂ ’ਤੇ ਮਰੀਜ਼ਾਂ ਤੋਂ ਲੱਖਾਂ ਰੁਪਏ ਤਾਂ ਵਸੂਲੇ ਜਾ ਰਹੇ ਹਨ। ਪਰ ਉਨ੍ਹਾਂ ਦਾ ਸਹੀ ਢੰਗ-ਤਰੀਕੇ ਨਾਲ ਇਲਾਜ ਨਹੀਂ ਹੋ ਰਿਹਾ। ਹਸਪਤਾਲਾਂ ਨੇ ਬਾਹਰ ਹੀ ਵੱਡੇ-ਵੱਡੇ ਬੋਰਡ ਲਾ ਕੇ ਮਰੀਜ਼ਾਂ ਨੂੰ ਅੰਦਰ ਆਉਣ ਤੋਂ ਵਰਜ਼ ਦਿੱਤਾ ਹੈ ਕਿ ਸਾਡੇ ਕੋਲ ਆਕਸੀਜਨ ਦੀ ਕਮੀ ਹੈ, ਜਿਸ ਕਰਕੇ ਹਸਪਤਾਲਾਂ ’ਚ ਦਾਖਲਾ ਬੰਦ ਹੈ। ਇਸ ਵੇਲੇ ਹਾਲਾਤ ਇਹ ਹਨ ਕਿ ਮਰੀਜ਼ ਸੜਕਾਂ ’ਤੇ ਹੀ ਬੈਠੇ ਹਨ, ਬਲੈਕ ਵਿਚ ਆਕਸੀਜਨ ਸਿਲੰਡਰ ਖਰੀਦ ਕੇ ਖੁਦ ਹੀ ਆਪਣਾ ਇਲਾਜ ਕਰ ਰਹੇ ਹਨ। ਸ਼ਮਸ਼ਾਨਘਾਟਾਂ ਦੇ ਬਾਹਰ ਇਸ ਬਿਮਾਰੀ ਨਾਲ ਮਾਰੇ ਗਏ ਲੋਕਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਲੋਕ ਆਪਣੇ ਸਕਿਆਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਛੱਡ ਕੇ ਵੀ ਭੱਜ ਰਹੇ ਹਨ। ਉਧਰ ਭਾਰਤ ਦੇ ਗ੍ਰਹਿ ਮੰਤਰੀ ਇਹ ਬਿਆਨ ਦੇ ਰਹੇ ਹਨ ਕਿ ਸਾਡੇ ਕੋਲ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਇਸੇ ਤਰ੍ਹਾਂ ਭਾਰਤ ਦੇ ਸਿਹਤ ਮੰਤਰੀ ਨੇ ਵੀ ਪਿੱਛੇ ਜਿਹੇ ਬੜੀ ਹਿੱਕ ਠੋਕ ਕੇ ਇਹ ਬਿਆਨ ਦਿੱਤਾ ਸੀ ਕਿ ਅਸੀਂ ਕੋਵਿਡ-19 ਦੇ ਖਿਲਾਫ ਜੰਗ ਜਿੱਤ ਲਈ ਹੈ।
ਕਰੋਨਾ ਮਹਾਂਮਾਰੀ ਪਿਛਲੇ 1 ਸਾਲ ਤੋਂ ਵੀ ਵੱਧ ਸਮੇਂ ਤੋਂ ਦੁਨੀਆਂ ਭਰ ਵਿਚ ਕਹਿਰ ਢਾਅ ਚੁੱਕੀ ਹੈ। ਸ਼ਾਇਦ ਹੀ ਕੋਈ ਮੁਲਕ ਹੋਵੇਗਾ, ਜੋ ਇਸ ਦੀ ਚਪੇਟ ਵਿਚ ਨਹੀਂ ਆਇਆ ਹੋਵੇਗਾ। ਬਹੁਤ ਸਾਰੇ ਦੇਸ਼ਾਂ ਨੇ ਇਸ ਉਪਰ ਜਿੱਤ ਪ੍ਰਾਪਤ ਕੀਤੀ ਹੈ ਅਤੇ ਕਰੋਨਾ ਮੁਕਤ ਹੋਣ ਦਾ ਦਾਅਵਾ ਪੇਸ਼ ਕੀਤਾ ਗਿਆ ਹੈ। ਪਰ ਉਨ੍ਹਾਂ ਤੋਂ ਉਲਟ ਆਪਣੇ ਆਪ ਨੂੰ ਦੁਨੀਆਂ ਦੇ ਅੰਤਰਰਾਸ਼ਟਰੀ ਲੀਡਰ ਸਾਬਤ ਕਰਨ ਵਾਲੇ ਪ੍ਰਧਾਨ ਮੰਤਰੀ ਹੁਣ ਕੋਵਿਡ-19 ਨੂੰ ਕਾਬੂ ਕਰਨ ਤੋਂ ਆਪਣੀ ਹਾਰ ਮਹਿਸੂਸ ਕਰ ਰਹੇ ਹਨ।
ਅਮਰੀਕਾ ਨੇ ਪਿਛਲੇ ਸਮੇਂ ਦੌਰਾਨ ਭਾਰਤ ਨੂੰ ਵੈਕਸੀਨ ਲਈ ਕੱਚਾ ਮਾਲ ਭੇਜਿਆ ਸੀ, ਤਾਂਕਿ ਇਥੇ 135 ਕਰੋੜ ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾ ਸਕੇ। ਪਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣੇ ਆਪ ਨੂੰ ਅੰਤਰਰਾਸ਼ਟਰੀ ਲੀਡਰ ਸਾਬਤ ਕਰਨ ਲਈ ਦੂਜੇ ਦੇਸ਼ਾਂ ਨੂੰ ਉਹ ਮਾਲ ਅੱਗੇ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦਾ ਅਮਰੀਕਾ ਨੇ ਕਾਫੀ ਬੁਰਾ ਮਨਾਇਆ। ਜਿਸ ਕਰਕੇ ਅਮਰੀਕਾ ਨੇ ਭਾਰਤ ਨੂੰ ਕੋਵਿਡ-19 ਦਾ ਕੱਚਾ ਮਾਲ ਭੇਜਣਾ ਬੰਦ ਕਰ ਦਿੱਤਾ। ਹੁਣ ਜਦੋਂ ਭਾਰਤ ਵਿਚ ਕੋਵਿਡ-19 ਆਪਣੇ ਪੂਰੇ ਜ਼ੋਰਾਂ ’ਤੇ ਹੈ, ਹਜ਼ਾਰਾਂ ਲੋਕ ਰੋਜ਼ਾਨਾ ਮਰ ਰਹੇ ਹਨ, ਤਾਂ ਅਮਰੀਕਾ ਨੂੰ ਇਕ ਵਾਰ ਫਿਰ ਇਸ ’ਤੇ ਤਰਸ ਆਇਆ ਅਤੇ ਭਾਰਤ ਨੂੰ ਮਾਲਵਾਹਕ ਜਹਾਜ਼ ਭਰ ਕੇ ਵੈਕਸੀਨ ਦੀ ਪਹਿਲ ਖੇਪ ਪਹੁੰਚਾ ਦਿੱਤੀ ਹੈ। ਹੁਣ ਦੇਖਣਾ ਹੈ ਕਿ ਉਹ ਕਿੰਨੇ ਸਮੇਂ ਵਿਚ ਭਾਰਤੀ ਲੋਕਾਂ ਤੱਕ ਪਹੁੰਚਦੀ ਹੈ।
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਡਾਨੋਮ ਗੈਬੇਰੀਅਸ ਭਾਰਤ ’ਚ ਕੋਵਿਡ-19 ਸੰਕਟ ’ਤੇ ਚਿੰਤਾ ਜ਼ਾਹਿਰ ਕੀਤੀ ਅਤੇ ਹਾਲਾਤ ਨੂੰ ਦਿਲ ਦਹਿਲਾ ਦੇਣ ਵਾਲਾ ਦੱਸਿਆ। ਡਬਲਯੂ.ਐੱਚ.ਓ. ਮੁਖੀ ਨੇ ਵਿਸ਼ਵ ਸਿਹਤ ਸੰਗਠਨ ਮਹਾਮਾਰੀ ਨਾਲ ਲੜਣ ’ਚ ਮਦਦ ਕਰਨ ਲਈ ਹੋਰ ਸਟਾਫ ਅਤੇ ਸਪਲਾਈ ਭੇਜਣ ਲਈ ਕਿਹਾ ਹੈ। ਕਈ ਖੇਤਰਾਂ ’ਚ ਕੋਰੋਨਾ ਦੇ ਮਾਮਲਿਆਂ ਅਤੇ ਮੌਤਾਂ ਦੀ ਗਿਰਾਵਟ ਦੇਖੀ ਜਾ ਰਹੀ ਹੈ ਪਰ ਕਈ ਮੁਲਕ ਅਜੇ ਵੀ ਕੋਵਿਡ-19 ਦੇ ਵੱਡੇ ਸੰਕਟ ਨਾਲ ਨਜਿੱਠ ਰਹੇ ਹਨ। ਡਬਲਯੂ.ਐੱਚ.ਓ. ਮੁਖੀ ਨੇ ਭਾਰਤ ਦੇ ਦਿਲ ਦਹਿਲਾ ਦੇਣ ਵਾਲੇ ਹਾਲਾਤ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਜਿੱਥੇ ਡਬਲਯੂ.ਐੱਚ.ਓ. ਨੇ ਆਕਸੀਜਨ ਕੰਸੰਟ੍ਰੇਟਰ, ਮੋਬਾਈਲ ਵੈਨ ਅਤੇ ਲੈਬਾਰਟਰੀ ਦੀ ਗਿਣਤੀ ਵਧਾਈ ਹੈ, ਉਥੇ 2600 ਤੋਂ ਵਧ ਮਾਹਿਰਾਂ ਨੂੰ ਭਾਰਤ ਦੇ ਸਿਹਤ ਅਧਿਕਾਰੀਆਂ ਨਾਲ ਕੰਮ ਕਰਨ ਲਈ ਕਿਹਾ।¿;
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਨੂੰ ਜਾਨਲੇਵਾ ਕੋਰੋਨਾਵਾਇਰਸ ਸੰਕਟ ਨਾਲ ਨਜਿੱਠਣ ’ਚ ਮਦਦ ਦੇਣ ਲਈ ਲੋੜੀਂਦੀ ਮੈਡੀਕਲ ਜੀਵਨ ਰੱਖਿਅਕ ਸਪਲਾਈ ਅਤੇ ਉਪਕਰਨ ਸਮੇਤ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਇਸੇ ਤਰ੍ਹਾਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਭਾਰਤ ’ਚ ਕੋਵਿਡ-19 ਦੇ ਪ੍ਰਕੋਪ ’ਤੇ ਚਿੰਤਾ ਜਤਾਈ ਹੈ।
ਇਕ ਅਮਰੀਕੀ ਸਟੱਡੀ ’ਚ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ 15 ਮਈ ਨੂੰ ਭਾਰਤ ’ਚ ਕੋਵਿਡ-19 ਆਪਣੇ ਪੀਕ ’ਤੇ ਹੋਵੇਗਾ, ਜਿਸ ਦੌਰਾਨ ਹਰ ਰੋਜ਼ ਮੌਤਾਂ ਦੀ ਗਿਣਤੀ ਹੁਣ ਤੋਂ ਦੁੱਗਣੀ ਹੋ ਜਾਵੇਗੀ ਤੇ ਨਵੇਂ ਕੇਸ ਵੀ ਲੱਖਾਂ ਦੇ ਹਿਸਾਬ ਨਾਲ ਹੋਣਗੇ। ਅਮਰੀਕੀ ਸਟੱਡੀ ਨੇ ਚਿਤਾਵਨੀ ਦਿੱਤੀ ਹੈ ਕਿ ਹੁਣ ਤੋਂ ਲੈ ਕੇ 31 ਜੁਲਾਈ ਦੇ ਦਰਮਿਆਨ ਭਾਰਤ ’ਚ 3 ਲੱਖ, 30 ਹਜ਼ਾਰ ਦੇ ਕਰੀਬ ਮੌਤਾਂ ਹੋ ਸਕਦੀਆਂ ਹਨ ਅਤੇ ਦੇਸ਼ ਵਿਚ ਉਦੋਂ ਤੱਕ ਜਾਨ ਗਵਾਉਣ ਵਾਲਿਆਂ ਦੀ ਗਿਣਤੀ 6 ਲੱਖ 70 ਹਜ਼ਾਰ ਦੇ ਕਰੀਬ ਹੋ ਜਾਵੇਗੀ।
ਹਾਈਕੋਰਟ ਨੇ ਕਰੋਨਾ ਦੀ ਦੂਜੀ ਲਹਿਰ ਲਈ ਚੋਣ ਕਮਿਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕਿਉਕਿ ਚੋਣ ਕਮਿਸ਼ਨ ਨੇ ਕਰੋਨਾ ਆਫਤ ਤੋਂ ਬਾਅਦ ਵੀ ਚੋਣ ਰੈਲੀਆਂ ਨੂੰ ਨਹੀਂ ਰੋਕਿਆ। ਮਦਰਾਸ ਹਾਈਕੋਰਟ ਦੇ ਚੀਫ ਜਸਟਿਸ ਐੱਸ. ਬੈਨਰਜੀ ਨੇ ਸੁਣਵਾਈ ਦੌਰਾਨ ਕਿਹਾ ਕਿ ਚੋਣ ਕਮਿਸ਼ਨ ਹੀ ਕਰੋਨਾ ਦੀ ਦੂਜੀ ਲਹਿਰ ਲਈ ਜ਼ਿੰਮੇਵਾਰ ਹੈ। ਕੋਰਟ ਨੇ ਕਿਹਾ ਕਿ ਜੇਕਰ ਚੋਣ ਕਮਿਸ਼ਨ ਦੇ ਅਧਿਕਾਰੀਆਂ ’ਤੇ ਕਤਲ ਦਾ ਕੇਸ ਕੀਤਾ ਜਾਵੇ, ਤਾਂ ਉਹ ਵੀ ਘੱਟ ਹੋਵੇਗਾ। ਹਾਈਕੋਰਟ ਦੇ ਜੱਜ ਨੇ ਸਿਆਸੀ ਰੈਲੀਆਂ ਦੀ ਆਗਿਆ ਦੇਣ ਲਈ ਚੋਣ ਕਮਿਸ਼ਨ ਦੀ ਕਾਫੀ ਖਿਚਾਈ ਕੀਤੀ। ਕੋਰਟ ਨੇ 2 ਮਈ ਨੂੰ ਕੋਵਿਡ-19 ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਾ ਕਰਨ ’ਤੇ ਵੋਟਾਂ ਦੀ ਗਿਣਤੀ ਉੱਤੇ ਰੋਕ ਲਗਾਉਣ ਬਾਰੇ ਵੀ ਚਿਤਾਵਨੀ ਦਿੱਤੀ। ਜ਼ਿਕਰਯੋਗ ਹੈ ਕਿ ਦੇਸ਼ ਦੇ ਪੰਜ ਸੂਬਿਆਂ ਆਸਾਮ, ਪੱਛਮੀ ਬੰਗਾਲ, ਤਾਮਿਲਨਾਡੂ, ਪੁਡੂਚੇਰੀ, ਕੇਰਲ ਵਿਚ ਚੋਣਾਂ ਹੋਈਆਂ ਸਨ।
ਭਾਵੇਂ ਕਿ ਪਾਕਿਸਤਾਨ ਵਿਚ ਵੀ ਕੋਵਿਡ-19 ਦਾ ਪ੍ਰਕੋਪ ਜਾਰੀ ਹੈ। ਫਿਰ ਵੀ ਪਾਕਿਸਤਾਨ ਨੇ ਦਰਿਆਦਿਲੀ ਦਿਖਾਉਦੇ ਹੋਏ ਭਾਰਤ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ, ਜੋ ਕਿ ਇਕ ਚੰਗਾ ਸੰਕੇਤ ਹੈ।
ਭਾਰਤ ’ਚ ਚੱਲ ਰਹੇ ਕੋਵਿਡ-19 ਦੇ ਪ੍ਰਕੋਪ ਕਾਰਨ ਬਹੁਤ ਸਾਰੇ ਦੇਸ਼ਾਂ ਨੇ ਭਾਰਤ ਨੂੰ ਆਪਣੇ ਤੋਂ ਅਲੱਗ-ਥਲੱਗ ਕਰ ਲਿਆ ਹੈ। ਕਈ ਦੇਸ਼ਾਂ ਨੇ ਭਾਰਤ ਲਈ ਅੰਤਰਰਾਸ਼ਟਰੀ ਉਡਾਣਾਂ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤੀਆਂ ਹਨ, ਜਿਸ ਕਰਕੇ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਵਿਚ ਕਮੀ ਦੇਖਣ ਨੂੰ ਮਿਲੀ ਹੈ। ਇੱਥੋਂ ਸਿਰਫ 2 ਉਡਾਣਾਂ ਹੀ ਭਾਰਤ ਅਤੇ ਅਮਰੀਕਾ ਦਰਮਿਆਨ ਚੱਲਦੀਆਂ ਸਨ। ਇਕ ਏਅਰ ਇੰਡੀਆ ਅਤੇ ਯੂਨਾਈਟਿਡ ਏਅਰਲਾਈਨਜ਼। ਪਰ ਇਨ੍ਹਾਂ ਜਹਾਜ਼ਾਂ ਵਿਚ ਵੀ ਯਾਤਰੀ ਨਾ-ਮਾਤਰ ਹੀ ਹੁੰਦੇ ਹਨ, ਜਿਸ ਕਰਕੇ ਆਉਣ ਵਾਲੇ ਸਮੇਂ ਵਿਚ ਇਹ ਉਡਾਣਾਂ ਵੀ ਬੰਦ ਹੋਣ ਦੀਆਂ ਸੰਭਾਵਨਾਵਾਂ ਹਨ।¿;
ਇਕ ਪਾਸੇ ਜਿੱਥੇ ਦੁਨੀਆਂ ਭਰ ’ਚ ਇਸ ਮਹਾਂਮਾਰੀ ’ਤੇ ਨੱਥ ਪਾਈ ਜਾ ਰਹੀ ਹੈ, ਉਥੇ ਭਾਰਤ ਵਿਚ ਥਾਲ ਖੜਕਾ ਕੇ ਲੋਕਾਂ ਨੂੰ ਸਿਰਫ ਹੌਂਸਲਾ ਦਿੱਤਾ ਜਾ ਰਿਹਾ ਹੈ। ਕੋਵਿਡ-19 ਦੀ ਮਹਾਂਮਾਰੀ ਨੂੰ ਰੋਕਣ ਅਤੇ ਇਸ ਦੇ ਇਲਾਜ ’ਤੇ ਧੰਨ ਖਰਚਣ ਦੀ ਥਾਂ ’ਤੇ ਅਯੁੱਧਿਆ ਮੰਦਰ, ਸ. ਵਲੱਭ ਪਟੇਲ ਦੀ ਮੂਰਤੀ ਜਾਂ ਸੰਸਦ ਭਵਨ ਦੀ ਨਵੀਂ ਇਮਾਰਤ ’ਤੇ ਅਰਬਾਂ ਰੁਪਿਆ ਖਰਚਿਆ ਜਾ ਰਿਹਾ ਹੈ। ਜੇ ਇਹੋ ਪੈਸਾ ਆਕਸੀਜਨ ਦੇ ਸਿਲੰਡਰ ਅਤੇ ਵੈਕਸੀਨ ’ਤੇ ਲਾਇਆ ਹੁੰਦਾ, ਤਾਂ ਅੱਜ ਭਾਰਤ ਨੂੰ ਇਹ ਦਿਨ ਨਾ ਦੇਖਣੇ ਪੈਂਦੇ। ਲੋੜ ਹੈ ਭਾਰਤ ਸਰਕਾਰ ਸੱਚੇ ਮਨੋਂ ਆਪਣੇ ਨਾਗਰਿਕਾਂ ਨੂੰ ਇਸ ਮਹਾਂਮਾਰੀ ਤੋਂ ਕੱਢੇ।

Share