ਕੋਵਿਡ-19: ਭਾਰਤ ’ਚ ਮਿਲਿਆ ਡਬਲ ਮਿਊਟੈਂਟ ਵਾਇਰਸ ਹੁਣ ਬੀ.ਸੀ. ’ਚ ਵੀ ਪੁੱਜਾ

69
Share

ਵੈਨਕੂਵਰ, 22 ਅਪ੍ਰੈਲ (ਪੰਜਾਬ ਮੇਲ)-ਭਾਰਤ ’ਚ ਰਿਕਾਰਡਤੋੜ ਕੇਸਾਂ ਨਾਲ ਸਬੰਧਤ ਇਕ ਕੋਵਿਡ-19 ਵੇਰੀਐਂਟ ਦੀ ਬੀ.ਸੀ. ’ਚ ਵੀ ਪਛਾਣ ਹੋਈ ਹੈ। ਬੀ.ਸੀ. ਦੇ ਸਿਹਤ ਮੰਤਰਾਲੇ ਵੱਲੋਂ ਤਿਆਰ ਕੀਤੀ ਗਈ ਉਕਤ ਰਿਪੋਰਟ ’ਚ ਕਿਹਾ ਗਿਆ ਹੈ ਕਿ ਬੀ. 1.617 ਵਜੋਂ ਜਾਣੇ ਜਾਂਦੇ ਡਬਲ ਮਿਊਟੇਸ਼ਨ ਦੇ 39 ਕੇਸ ਸੂਬੇ ’ਚ ਮਿਲੇ ਹਨ। ਇਕ ਬੁਲਾਰੇ ਨੇ ਕਿਹਾ ਕਿ ਇਹ ਕੇਸ ਅਪ੍ਰੈਲ ਦੇ ਸ਼ੁਰੂ ’ਚ ਸਾਹਮਣੇ ਆਏ ਸਨ ਪਰ ਉਦੋਂ ਉਨ੍ਹਾਂ ਬਾਰੇ ਇਸ ਲਈ ਜ਼ਿਕਰ ਨਹੀਂ ਕੀਤਾ ਗਿਆ ਸੀ ਕਿਉਂਕਿ ਉਸ ਵੇਲੇ ਇਸ ਦੀ ਚਿੰਤਾ ਵਾਲੇ ਵੇਰੀਐਂਟ ਵਜੋਂ ਪਛਾਣ ਨਹੀਂ ਹੋਈ ਸੀ ਜਾਂ ਇਹ ਪੜਤਾਲ ਦਾ ਵਿਸ਼ਾ-ਵਸਤੂ ਸੀ। ਬੀ.ਸੀ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਹੁਣ ਬੀ.1.617 ਨੂੰ ਵੇਰੀਐਂਟ ਆਫ ਇੰਟਰੈਸਟ ਵਜੋਂ ਵਰਗੀਕਿ੍ਰਤ ਕੀਤਾ ਹੈ ਅਤੇ ਇਸ ਦੀ ਜਨ-ਸਿਹਤ ਲੈਬ ਇਸ ਬਾਰੇ ਹੋਰ ਵੇਰਵੇ ਜੁਟਾਉਣ ਵਿਚ ਰੁੱਝੀ ਹੋਈ ਹੈ। ਇਸ ਬਾਰੇ ਸਿਹਤ ਮੰਤਰਾਲੇ ਵੱਲੋਂ ਇਸ ਹਫਤੇ ਦੇ ਅੰਤ ’ਚ ਹੋਰ ਜਾਣਕਾਰੀ ਮੁਹੱਈਆ ਕਰਵਾਉਣ ਦੀ ਉਮੀਦ ਹੈ।¿;
ਸਿਹਤ ਮੰਤਰੀ ਐਂਡਰੀਅਨ ਡਿਕਸ ਨੇ ਕਿਹਾ ਕਿ ਵੇਰੀਐਂਟ ਦੇ ਪਹੁੰਚਣ ਦੀਆਂ ਖ਼ਬਰਾਂ ਚਿੰਤਾ ਵਧਾਉਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਬੀ.ਸੀ. ਸਰਕਾਰ ਨੂੰ ਫੈਡਰਲ ਸਰਕਾਰ ਦੇ ਕੁਆਰੰਟਾਈਨ ਪ੍ਰੋਗਰਾਮ ਨੂੰ ਲਾਗੂ ਕਰਨ ’ਚ ਕੁਝ ਦਿੱਕਤਾਂ ਸਨ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਸੰਕਟਕਾਲੀ ਤੇ ਚੁਣੌਤੀਪੂਰਨ ਸਮੇਂ ’ਚ ਹਰ ਸੰਭਵ ਸਹਿਯੋਗ ਦੇਣ। ਇਥੇ 6 ਅਪ੍ਰੈਲ ਤੋਂ ਦਿੱਲੀ ਤੋਂ ਵੈਨਕੂਵਰ ’ਚ ਘੱਟੋ-ਘੱਟ 10 ਉਡਾਣਾਂ ਆਈਆਂ, ਜਿਨ੍ਹਾਂ ’ਚ ਕੋਵਿਡ-19 ਪੀੜਤ ਸਵਾਰੀਆਂ ਸਨ। ਕਿਊਬਕ ’ਚ ਵੀ ਬੁੱਧਵਾਰ ਨੂੰ ਬੀ. 1.617 ਦਾ ਪਹਿਲਾ ਕੇਸ ਉਜਾਗਰ ਹੋਇਆ ਹੈ। ਬਲੂਮਬਰਗ ਮੁਤਾਬਕ ਇਹ ਨਵਾਂ ਵੇਰੀਐਂਟ ਸਭ ਤੋਂ ਪਹਿਲਾਂ ਭਾਰਤ ’ਚ ਸਾਹਮਣੇ ਆਇਆ ਸੀ, ਜੋ ਕਾਫੀ ਤੇਜ਼ੀ ਨਾਲ ਫੈਲਦਾ ਹੈ ਤੇ ਘਾਤਕ ਹੈ।¿;
ਪੀ.ਐੱਮ. ਜਸਟਿਨ ਟਰੂਡੋ ਅਤੇ ਕਿਊਬਕ ਦੇ ਜਨ-ਸਿਹਤ ਨਿਰਦੇਸ਼ਕ ਹੋਰਾਕੀਓ ਅਰੂਡਾ ਸਮੇਤ ਕੈਨੇਡੀਅਨ ਅਧਿਕਾਰੀ ਭਾਰਤ ਤੋਂ ਆ ਰਹੀਆਂ ਉਡਾਣਾਂ ਨੂੰ ਸੀਮਤ ਕਰਨ ’ਤੇ ਸੰਜੀਦਗੀ ਨਾਲ ਚਰਚਾ ਕਰ ਰਹੇ ਹਨ, ਜਦਕਿ ਯੂ.ਕੇ., ਨਿਊਜ਼ੀਲੈਂਡ ਅਤੇ ਹਾਂਗਕਾਂਗ ਸਮੇਤ ਕਈ ਹੋਰ ਮੁਲਕ ਪਹਿਲਾਂ ਹੀ ਅਜਿਹਾ ਕਰ ਚੁੱਕੇ ਹਨ। ਖੋਜਾਰਥੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਇਹ ਕੋਵਿਡ-19 ਦੇ ਹੋਰ ਖ਼ਤਰਨਾਕ ਵਾਇਰਸਾਂ ਨਾਲੋਂ ਵੱਧ ਜਾਨਲੇਵਾ ਹੈ। ਪਹਿਲਾਂ ਇਹ ਸਿੱਧ ਹੋਇਆ ਸੀ ਕਿ ਬ੍ਰਾਜ਼ੀਲ ਤੇ ਦੱਖਣੀ ਅਫਰੀਕਾ ’ਚ ਪਹਿਲਾਂ ਮਿਲੇ ਵਾਇਰਸ ਜ਼ਿਆਦਾ ਤੇਜ਼ੀ ਨਾਲ ਫੈਲਦੇ ਹਨ ਅਤੇ ਇਹ ਬੀ.ਸੀ. ’ਚ ਮਿਲੇ ਸਨ।¿;
ਪ੍ਰਾਂਤਕ ਸਿਹਤ ਅਫਸਰ ਬੋਨੀ ਹੈਨਰੀ ਮੁਤਾਬਕ ਬੀਤੇ ਦਿਨੀਂ ਸੂਬੇ ’ਚ ਕੋਵਿਡ-19 ਦੇ 862 ਨਵੇਂ ਮਾਮਲੇ ਸਾਹਮਣੇ ਆਏ ਤੇ ਇਸ ਨਾਲ 7 ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਡਾ. ਬੋਨੀ ਹੈਨਰੀ ਨੇ ਬੀ.ਸੀ. ’ਚ ਮਿਲੇ ਚਿੰਤਾ ਵਾਲੇ 3 ਵੇਰੀਐਂਟਸ ਜਾਂ ਬੀ.1.617 ਵੇਰੀਐਂਟ ਆਫ ਇੰਟਰੈਸਟ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ। ਹੈਨਰੀ ਨੇ ਕਿਹਾ ਕਿ ਹੁਣ ਬੀ.ਸੀ. ’ਚ ਉਕਤ ਬਿਮਾਰੀ ਦੇ ਸਰਗਰਮ ਮਾਮਲੇ 8906 ਹਨ, ਜਿਨ੍ਹਾਂ ਵਿਚੋਂ 483 ਦਾ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ’ਚੋਂ 164 ਲੋਕ ਆਈ.ਸੀ.ਯੂ. ਵਿਚ ਹਨ। ਬੀ.ਸੀ. ਵਿਚ 1,456,946 ਵੈਕਸੀਨ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ। ਅਜੇ ਤੱਕ ਸੂਬੇ ਵਿਚ ਇਸ ਬਿਮਾਰੀ ਕਾਰਨ 1546 ਲੋਕਾਂ ਦੀ ਮੌਤ ਹੋ ਚੁੱਕੀ ਹੈ।

Share