ਕੋਵਿਡ-19 : ਭਾਰਤ ‘ਚ ਮਰੀਜ਼ਾਂ ਦਾ ਅੰਕੜਾ ਡੇਢ ਲੱਖ ਤੋਂ ਪਾਰ

724
Share

ਨਵੀਂ ਦਿੱਲੀ, 28 ਮਈ (ਪੰਜਾਬ ਮੇਲ)- ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਆਇਦ ਲੌਕਡਾਊਨ ਦੇ ਇਕ ਨਹੀਂ ਬਲਕਿ ‘ਕਈ ਫਾਇਦੇ’ ਹੋਏ ਹਨ ਤੇ ਲੋਕਾਂ ਨੂੰ ਘਰਾਂ ਵਿੱਚ ਤਾੜਨ ਸਦਕਾ ਕੋਵਿਡ-19 ਦੇ ‘ਫੈਲਾਅ ਦੀ ਰਫ਼ਤਾਰ’ ਨੂੰ ਠੱਲ੍ਹ ਪਈ ਹੈ। ਉਧਰ ਸਰਕਾਰ ਦੇ ਇਨ੍ਹਾਂ ਦਾਅਵਿਆਂ ਦਰਮਿਆਨ ਹੀ ਦੇਸ਼ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ ਡੇਢ ਲੱਖ ਦੇ ਅੰਕੜੇ ਨੂੰ ਪਾਰ ਕਰਦਿਆਂ 1,51,767 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ 170 ਹੋਰ ਮੌਤਾਂ ਨਾਲ ਕਰੋਨਾ ਮਹਾਮਾਰੀ ਕਰਕੇ ਦਮ ਤੋੜਨ ਵਾਲਿਆਂ ਦੀ ਗਿਣਤੀ 4337 ਨੂੰ ਅੱਪੜ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਮੰਗਲਵਾਰ ਤੋਂ ਹੁਣ ਤਕ 6378 ਨਵੇਂ ਕੇਸ ਰਿਪੋਰਟ ਹੋਏ ਹਨ। ਪਿਛਲੇ 6 ਦਿਨਾਂ ਤੋਂ ਲਗਾਤਾਰ 6000 ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ।

ਮੰਤਰਾਲੇ ਨੇ ਕਿਹਾ, ‘ਲੌਕਡਾਊਨ ਕਰ ਕੇ ਇਕ ਦੋ ਨਹੀਂ ਬਲਕਿ ਕਈ ਫਾਇਦੇ ਹੋਏ ਹਨ। ਮੁੱਢਲਾ ਫਾਇਦਾ ਰੋਗ/ਲਾਗ ਫੈਲਣ ਦੀ ਰਫ਼ਤਾਰ ਦਾ ਘਟਣਾ ਹੈ।’ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਅੰਕੜਾ ਤੇ ਪ੍ਰੋਗਰਾਮ ਨੂੰ ਅਮਲ ਵਿੱਚ ਲਿਆਉਣ ਵਾਲੇ ਮੰਤਰਾਲੇ ਦੇ ਅਨੁਮਾਨਾਂ ਤੋਂ ਇਹੀ ਤਸਵੀਰ ਸਾਹਮਣੇ ਆਉਂਦੀ ਹੈ ਕਿ ਲੌਕਡਾਊਨ ਕਰਕੇ ਵੱਡੀ ਗਿਣਤੀ ਮੌਤਾਂ ਤੇ ਕੇਸਾਂ ਨੂੰ ਟਾਲਿਆ ਜਾ ਸਕਿਆ ਹੈ। ਲੋਕਾਂ ਨੂੰ ਘਰਾਂ ’ਚ ਤਾੜ ਕੇ ਸਰਕਾਰ ਨੂੰ ਜਿਹੜਾ ਵਕਤ ਮਿਲਿਆ, ਉਹ ਮਨੁੱਖੀ ਸਰੋਤਾਂ ਨੂੰ ਵਿਕਸਤ ਕਰਨ ਵੱਲ ਲਾਇਆ ਗਿਆ। ਸਰਕਾਰ ਨੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ ਦਵਾਈਆਂ ਦੇ ਟਰਾਇਲ ਤੇ ਇਸ ਦੀ ਖੋਜ ਦੇ ਟੀਚਿਆਂ ਨੂੰ ਪੂਰਾ ਕੀਤਾ। ਇਸ ਦੇ ਨਾਲ ਹੀ ਤਕਨੀਕੀ ਸਾਈਡ ’ਤੇ ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਸ਼ਨਾਖਤ ਲਈ ਨਿਗਰਾਨੀ ਪ੍ਰਬੰਧ ਨੂੰ ਮਜ਼ਬੂਤ ਕੀਤਾ। ਮੰਤਰਾਲੇ ਨੇ ਕਿਹਾ ਕਿ ਭਾਰਤ ਵਿੱਚ ਮੌਤ ਦੀ ਦਰ 2.86 ਫੀਸਦ ਹੈ, ਜੋ ਕਿ ਆਲਮੀ ਔਸਤ 6.36 ਫੀਸਦ ਨਾਲੋਂ ਕਿਤੇ ਘੱਟ ਹੈ। ਉਧਰ ਆਈਸੀਐੱਮਆਰ ਨੇ ਕਿਹਾ ਕਿ ਹੁਣ ਤਕ 32,42,160 ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 1,16,041 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਲੌਕਡਾਊਨ ਦੇ ਪਹਿਲੇ ਦੋ ਗੇੜਾਂ ਦੌਰਾਨ 14-29 ਲੱਖ ਕੇਸਾਂ ਨੂੰ ਟਾਲਿਆ ਗਿਆ ਜਦੋਂ ਕਿ ਇਸ ਅਰਸੇ ਦੌਰਾਨ 37000 ਤੋਂ 78000 ਤਕ ਜਾਨਾਂ ਬਚਾਈਆਂ।


Share