ਕੋਵਿਡ-19 ਨੇ ਅਮਰੀਕਾ 24 ਘੰਟੇ ‘ਚ ਲਈਆਂ 2600 ਜਾਨਾਂ

739

ਵਾਸ਼ਿੰਗਟਨ, 16 ਅਪ੍ਰੈਲ (ਪੰਜਾਬ ਮੇਲ) – ਗਲੋਬਲ ਮਹਾਮਾਰੀ ਬਣ ਚੁੱਕੇ ਕੋਵਿਡ-19 ਨੇ ਅਮਰੀਕਾ ਵਿਚ ਭਿਆਨਕ ਤਬਾਹੀ ਮਚਾਈ ਹੋਈ ਹੈ। ਅਮਰੀਕਾ ਵਿਚ ਰੋਜ਼ਾਨਾ ਕੋਰੋਨਾਇਨਫੈਕਸ਼ਨ ਨਾਲ ਮੌਤ ਦਾ ਗ੍ਰਾਫ ਵੱਡਾ ਹੁੰਦਾ ਜਾ ਰਿਹਾ ਹੈ ਅਤੇ ਹਰੇਕ ਦਿਨ ਨਵਾਂ ਰਿਕਾਰਡ ਬਣਦਾ ਜਾ ਰਿਹਾ ਹੈ। ਅਮਰੀਕਾ ਵਿਚ ਜਾਨਲੇਵਾ ਕੋਰੋਨਾਵਾਇਰਸ ਨਾਲ ਪਿਛਲੇ 24 ਘੰਟਿਆਂ ਵਿਚ ਰਿਕਾਰਡ 2600 ਮੌਤਾਂ ਹੋਈਆਂ ਹਨ ਜੋ ਦੇਸ਼ ਵਿਚ ਹੁਣ ਤੱਕ ਕੋਵਿਡ-19 ਮਹਾਮਾਰੀ ਤੋਂ ਇਕ ਦਿਨ ਵਿਚ ਮਰਨ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ। ਵੀਰਵਾਰ ਨੂੰ ਕੋਰੋਨਾਵਾਇਰਸ ਇਨਫਕੈਸ਼ਨ ਨਾਲ 2600 ਲੋਕਾਂ ਦੀ ਮੌਤ ਦਾ ਅੰਕੜਾ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਅੱਜ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿਚ ਦਾਅਵਾ ਕੀਤਾ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਦਾ ਸਭ ਤੋਂ ਬੁਰਾ ਦੌਰ ਬੀਤ ਚੁੱਕਾ ਹੈ।

ਜਾਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਵੀਰਵਾਰ ਨੂੰ ਜਿੱਥੇ ਪਿਛਲੇ 24 ਘੰਟਿਆਂ ਵਿਚ 2600 ਲੋਕਾਂ ਦੀ ਮੌਤ ਹੋਈ ਉੱਥੇ ਬੁੱਧਵਾਰ ਨੂੰ ਇਕ ਦਿਨ ਵਿਚ 2228 ਲੋਕਾਂ ਨੇ ਜਾਨ ਗਵਾਈ ਸੀ। ਪਿਛਲੇ 2 ਦਿਨ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਕਮੀ ਦੇਖਣ ਨੂੰ ਮਿਲੀ  ਸੀ ਪਰ ਬੁੱਧਵਾਰ ਅਤੇ ਵੀਰਵਾਰ ਨੂੰ ਇਹ ਅੰਕੜਾ ਕਾਫੀ ਵੱਡਾ ਹੋ ਗਿਆ।

ਟਰੰਪ ਨੇ ਵ੍ਹਾਈਟ ਹਾਊਸ ਤੋਂ ਡੇਲੀ ਮੀਡੀਆ ਬ੍ਰੀਫਿੰਗ ਵਿਚ ਕਿਹਾ,”ਅਮਰੀਕਾ ਵਿਚ ਕੋਰੋਨਾਵਾਇਰਸ ਦਾ ਸਭ ਤੋਂ ਬੁਰਾ ਦੌਰ ਬੀਤ ਚੁੱਕਾ ਹੈ ਅਤੇ ਦੇਸ਼ ਸਮਾਜਿਕ ਦੂਰੀ ‘ਤੇ ਨਵੀਆਂ ਗਾਈਡਲਾਈਨਜ਼ ਤੈਅ ਕਰਨ ਲਈ ਹੁਣ ਬਿਹਤਰ ਸਥਿਤੀ ਵਿਚ ਹੈ।” ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਨਾਲ ਹੁਣ ਤੱਕ ਅਮਰੀਕਾ ਵਿਚ 6.3 ਲੱਖ ਪੌਜੀਟਿਵ ਹਨ ਅਤੇ 28 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਮਤਲਬ 28,529 ਲੋਕਾਂ ਦੀ ਮੌਤ ਹੋ ਚੁੱਕੀ ਹੈ। ਟਰੰਪ ਨੇ ਕਿਹਾ,”ਸਾਨੂੰ ਆਸ ਹੈ ਕਿ ਅਸੀਂ ਜੰਗ ਜਾਰੀ ਰੱਖਾਂਗੇ ਅਤੇ ਚੰਗੀ ਤਰੱਕੀ ਕਰਾਂਗੇ।” ਟਰੰਪ ਨੇ ਕਿਹਾ ਕਿ ਇਹਨਾਂ ਉਤਸ਼ਾਹਿਤ ਕਰਨ ਵਾਲੇ ਘਟਨਾਕ੍ਰਮਾਂ ਨੇ ਸਾਨੂੰ ਮਜ਼ਬੂਤ ਸਥਿਤੀ ਵਿਚ ਲਿਆ ਦਿੱਤਾ ਹੈ ਅਸੀਂ ਦੇਸ਼ ਨੂੰ ਫਿਰ ਖੋਲ੍ਹਣ ਲਈ ਗਾਈਡਲਾਈਨਜ਼ ਨੂੰ ਆਖਰੀ ਰੂਪ ਦੇ ਸਕਦੇ ਹਾਂ।