ਕੋਵਿਡ-19: ਨੀਦਰਲੈਂਡ ਵੱਲੋਂ 1 ਮਈ ਤੱਕ ਭਾਰਤ ਤੋਂ ਉਡਾਣਾਂ ’ਤੇ ਪਾਬੰਦੀ

169
Share

ਐਮਸਟਰਡਮ, 27 ਅਪ੍ਰੈਲ (ਪੰਜਾਬ ਮੇਲ)- ਭਾਰਤ ’ਚ ਵੱਧ ਰਹੇ ਕੋਰੋਨਾ ਮਾਮਲਿਆਂ ਕਾਰਨ ਕਈ ਦੇਸ਼ ਯਾਤਰਾ ਪਾਬੰਦੀਆਂ ਲਗਾ ਚੁੱਕੇ ਹਨ। ਹੁਣ ਨੀਦਰਲੈਂਡ ਨੇ ਕਿਹਾ ਹੈ ਕਿ ਉਹ ਦੇਸ਼ ਵਿਚ ਸੋਮਵਾਰ ਤੋਂ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਯਾਤਰੀ ਉਡਾਣਾਂ ਨੂੰ ਰੱਦ ਕਰ ਰਿਹਾ ਹੈ। ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕੋਰੋਨਾਵਾਇਰਸ ਇਨਫੈਕਸ਼ਨ ਵੱਧ ਰਿਹਾ ਹੈ। ਸਪੁਤਨਿਕ ਨੇ ਡਚ ਐਵੀਏਸ਼ਨ ਮੰਤਰੀਆਂ ਦੇ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ 26 ਅਪ੍ਰੈਲ, ਸੋਮਵਾਰ ਨੂੰ ਸ਼ਾਮ 6 ਵਜੇ ਤੋਂ ਲੱਗਿਆ ਫਲਾਈਟ ਬੈਨ ਘੱਟੋ-ਘੱਟ 1 ਮਈ 00:01 ਵਜੇ ਸਵੇਰ ਤੱਕ ਰਹੇਗਾ। ਭਾਰਤ ’ਚ ਜਾਨਲੇਵਾ ਕੋਵਿਡ-19 ਦੀ ਦੂਜੀ ਲਹਿਰ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਕ ਪੰਜ ਰਾਜਾਂ- ਮਹਾਰਾਸ਼ਟਰ, ਉੱਤਰ ਪ੍ਰਦੇਸ਼, ਕਰਨਾਟਕ, ਗੁਜਰਾਤ ਅਤੇ ਕੇਰਲ ’ਚ ਦੇਸ਼ ਦੇ 54 ਫੀਸਦੀ ਮਾਮਲੇ ਸਾਹਮਣੇ ਆ ਰਹੇ ਹਨ।
ਕੋਰੋਨਾ ਦੀ ਸਥਿਤੀ ਵਿਗੜਨ ਦੇ ਨਾਲ ਕਈ ਦੇਸ਼ਾਂ ਨੇ ਭਾਰਤੀ ਯਾਤਰੀਆਂ ’ਤੇ ਯਾਤਰਾ ਪਾਬੰਦੀ ਲਗਾ ਦਿੱਤੀ ਹੈ। ਹਾਂਗਕਾਂਗ ’ਚ ਮੰਗਲਵਾਰ ਨੂੰ ਖੇਤਰ ਵਿਚ ਕੋਵਿਡ-19 ਮਾਮਲਿਆਂ ਦੀ ਵੱਧਦੀ ਗਿਣਤੀ ’ਚ ਭਾਰਤ ਦੇ ਨਾਲ ਜੁੜਨ ਵਾਲੀਆਂ ਸਾਰੀਆਂ ਉਡਾਣਾਂ ਨੂੰ 14 ਦਿਨਾਂ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ। ਅਧਿਕਾਰੀਆਂ ਨੇ ਪਾਕਿਸਤਾਨ ਅਤੇ ਫਿਲੀਪੀਨਜ਼ ਤੋਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਭਾਰਤ ਅਤੇ ਪਾਕਿਸਤਾਨ ਵਿਚ ਵੱਧਦੇ ਮਾਮਲਿਆਂ ’ਚ ਕੈਨੇਡਾ ਨੇ ਵੀਰਵਾਰ ਤੋਂ ਭਾਰਤ ’ਚ 30 ਦਿਨਾਂ ਲਈ ਯਾਤਰਾ ਉਡਾਣਾਂ ’ਤੇ ਅਸਥਾਈ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ।
ਭਾਰਤ ਵਿਚ ਪਾਏ ਜਾਣ ਵਾਲੇ ਕੋਵਿਡ-19 ਵੈਰੀਐਂਟ ਦੇ ਪ੍ਰਸਾਰ ਨੂੰ ਰੋਕਣ ਲਈ ਫਰਾਂਸ ’ਚ ਆਉਣ ਵਾਲੇ ਦਿਨਾਂ ਵਿਚ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ 10 ਦਿਨਾਂ ਦਾ ਕੁਆਰੰਟੀਨ ਐਲਾਨਿਆ ਸੀ। ਹਾਲ ਹੀ ਵਿਚ ਯੂ.ਕੇ. ਨੇ ਸਾਵਧਾਨੀ ਵਜੋਂ ਯਾਤਰਾ ਲਈ ਭਾਰਤ ਨੂੰ ਰੈੱਡ ਲਿਸਟ ’ਚ ਪਾ ਦਿੱਤਾ। ਰੂਸੀ ਦੂਤਾਵਾਸ ਦੇ ਵੀਜ਼ਾ ਵਿਭਾਗ ਨੇ ਅਸਥਾਈ ਤੌਰ ’ਤੇ ਅਗਲੀ ਸੂਚਨਾ ਤੱਕ ਭਾਰਤ ਨਾਲ ਉਡਾਣਾਂ ਸੰਬੰਧੀ ਕੰਮ ਰੋਕ ਦਿੱਤਾ ਹੈ। ਅਮਰੀਕਾ ਨੇ ਵੀ ਆਪਣੇ ਲੋਕਾਂ ਲਈ ਭਾਰਤ ਯਾਤਰਾ ਸੰਬੰਧੀ ਐਡਵਾਇਜ਼ਰੀ ਜਾਰੀ ਕੀਤੀ ਹੈ।

Share