ਕੋਵਿਡ-19; ਨਿਊਯਾਰਕ ਦੇ 12ਵੇਂ ਜ਼ਿਲੇ ‘ਚ ਕਾਂਗਰਸ ਦੀ ਸੀਟ ਲਈ ਉਮੀਦਵਾਰ ਭਾਰਤੀ-ਅਮਰੀਕੀ ਦੀ ਰਿਪੋਰਟ ਆਈ ਪੌਜੀਟਿਵ

807
Share

ਵਾਸ਼ਿੰਗਟਨ, 31 ਮਾਰਚ (ਪੰਜਾਬ ਮੇਲ)- ਅਮਰੀਕਾ ਵਿਚ ਕੋਵਿਡ-19 ਨੇ ਭਿਆਨਕ ਰੂਪ ਧਾਰਿਆ ਹੋਇਆ ਹੈ। ਇਸ ਦੌਰਾਨ ਭਾਰਤੀ ਅਮਰੀਕੀ ਕਾਂਗਰਸ ਦੇ ਇਕ ਉਮੀਦਵਾਰ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਨਿਊਯਾਰਕ ਦੇ 12ਵੇਂ ਜ਼ਿਲੇ ਵਿਚ ਕਾਂਗਰਸ ਦੀ ਸੀਟ ਦੇ ਲਈ ਪਾਰਟੀ ਉਮੀਦਵਾਰ ਸੂਰਜ ਪਟੇਲ ਦੀ ਕੋਰੋਨਾਵਾਇਰਸ ਪੌਜੀਟਿਵ ਆਈ ਹੈ। ਸੂਰਜ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਮੁਹਿੰਮ ਟੀਮ ਦਾ ਵੀ ਹਿੱਸਾ ਰਹਿ ਚੁੱਕੇ ਹਨ।
ਸੂਰਜ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਅਤੇ ਬਲਾਗਿੰਗ ਪਲੇਟਫਾਰਮ ਮੀਡੀਅਮ ‘ਤੇ ਪੋਸਟ ਕੀਤੇ ਗਏ ਇਕ ਬਿਆਨ ਵਿਚ ਕੋਰੋਨਾ ਇਨਫੈਕਟਿਡ ਹੋਣ ਦਾ ਖੁਲਾਸਾ ਕੀਤਾ। ਸੂਰਜ ਡੈਮੋਕ੍ਰੈਟਿਕ ਪ੍ਰਾਇਮਰੀ ਵਿਚ ਚੱਲ ਰਹੇ ਹਨ ਜੋ ਨਿਊਯਾਰਕ ਦੇ 12ਵੇਂ ਜ਼ਿਲੇ ਵਿਚ ਕਾਂਗਰਸ ਦੀ ਸੀਟ ਲਈ ਕੈਰੋਲਿਨ ਮੈਲੋਨੀ ਦੀ ਜਗ੍ਹਾ ਲੈ ਰਹੇ ਹਨ। ਸੂਰਜ ਨੇ ਆਪਣੇ ਬਿਆਨ ਵਿਚ ਕਿਹਾ,”ਲੱਗਭਗ 10 ਦਿਨ ਪਹਿਲਾਂ ਉਹਨਾਂ ਨੂੰ ਆਪਣੀ ਛਾਤੀ ਵਿਚ ਜਕੜਨ ਅਤੇ ਸਾਹ ਲੈਣ ਵਿਚ ਮੁਸ਼ਕਲ ਆਉਣੀ ਸ਼ੁਰੂ ਹੋਈ, ਜਿਸ ਦੇ ਬਾਅਦ 102 ਡਿਗਰੀ ਬੁਖਾਰ ਹੋਇਆ।”
ਉਹਨਾਂ ਨੇ ਕਿਹਾ ਕਿ ਪਾਰਦਰਸ਼ਿਤਾ ਅਤੇ ਜਵਾਬਦੇਹੀ ਦੇ ਹਿੱਤ ਵਿਚ ਮੈਂ ਐਲਾਨ ਕਰ ਰਿਹਾ ਹਾਂ ਕਿ ਮੈਂ ਕੋਵਿਡ-19 ਪੌਜੀਟਿਵ ਹਾਂ। ਸੂਰਜ ਨੇ ਇਕ ਬਿਆਨ ਵਿਚ ਕਿਹਾ,”ਮੈਨੂੰ ਨਿੱਜੀ ਰੂਪ ਨਾਲ ਇਹ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਹੁਣ ਪੂਰੀ ਤਰ੍ਹਾਂ ਠੀਕ ਹੋ ਗਿਆ ਹਾਂ। ਹਸਪਤਾਲ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਕੁਝ ਦਿਨਾਂ ਵਿਚ ਕੰਮ ਕਰਨ ਲਗਾਂਗਾ।” ਸਮਾਚਾਰ ਏਜੰਸੀ ਏ.ਐੱਫ.ਪੀ. ਦੇ ਮੁਤਾਬਕ ਅਮਰੀਕਾ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3000 ਤੋਂ ਵਧੇਰੇ ਹੋ ਚੁੱਕੀ ਹੈ।


Share