ਕੋਵਿਡ 19 ਦੇ ਵਧਦੇ ਕਹਿਰ ਨੂੰ ਧਿਆਨ ‘ਚ ਰੱਖਦਿਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਆਪਣੇ ਆਪ ਨੂੰ ਕੀਤਾ ਏਕਾਂਤਵਾਸ

733

ਲੁਧਿਆਣਾ, 18 ਅਪ੍ਰੈਲ (ਪੰਜਾਬ ਮੇਲ)- ਕੋਵਿਡ 19 ਦੇ ਵਧਦੇ ਕਹਿਰ ਨੂੰ ਧਿਆਨ ‘ਚ ਰੱਖਦਿਆਂ ਜ਼ਿਲਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਲੋਕ ਹਿੱਤ ‘ਚ ਆਪਣੇ ਆਪ ਨੂੰ ਏਕਾਂਤਵਾਸ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਚੀਫ ਸੈਕਰੇਟਰੀ (ਆਈ. ਏ. ਐਸ.) ਕੇ. ਬੀ. ਐਸ. ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਲੁਧਿਆਣਾ ਦੇ ਡੀ. ਸੀ. ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੇ ਏਕਾਂਤਵਾਸ ‘ਚ ਰਹਿਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਉਨ੍ਹਾਂ ਦਾ ਰੈਪਿਡ ਟੈਸਟ ਨੈਗੇਟਿਵ ਆਇਆ ਹੈ। ਡੀ. ਸੀ. ਲੁਧਿਆਣਾ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਸਮੇਂ ਪੈਦਾ ਹੋਏ ਹਾਲਾਤ ਨੂੰ ਧਿਆਨ ‘ਚ ਰੱਖਦਿਆਂ ਆਮ ਲੋਕਾਂ ਨੂੰ ਵੀ ਆਪਣੇ ਆਪ ਨੂੰ ਘਰਾਂ ਅੰਦਰ ਬੰਦ ਕਰਕੇ ਹੀ ਰੱਖਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਲੋਕ ਹਿੱਤ ‘ਚ ਆਪਣੇ ਆਪ ਨੂੰ ਏਕਾਂਤਵਾਸ ਕੀਤਾ ਹੈ, ਜਿਸ ਦੌਰਾਨ ਉਹ ਜਨਤਕ ਮੇਲ-ਜੋਲ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲਾ ਲੁਧਿਆਣਾ ‘ਚ ਪ੍ਰਸਾਸ਼ਕੀ ਕਾਰਜਾਂ ਨੂੰ ਉਹ ਪਹਿਲਾਂ ਦੀ ਤਰ੍ਹਾਂ ਹੀ ਦੇਖਣਗੇ।