ਕੋਵਿਡ-19 : ਦੁਬਈ ‘ਚ ਪੰਜਾਬੀ ਵਿਅਕਤੀ ਦੀ ਮੌਤ

752

ਔੜ, 23 ਮਈ (ਪੰਜਾਬ ਮੇਲ)-  ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਰੋਜ਼ੀ-ਰੋਟੀ ਕਮਾਉਣ ਦੁਬਈ ਗਏ ਪੰਜਾਬੀ ਦੀ ਕੋਰੋਨਾ ਦੀ ਚਪੇਟ ‘ਚ ਆਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਲਸਾੜਾ ਵਾਸੀ ਅਵਤਾਰ ਸਿੰਘ (46) ਪੁੱਤਰ ਸੁਰਿੰਦਰ ਸਿੰਘ ਜੋ ਕਿ ਪਿਛਲੇ ਕਰੀਬ 15 ਸਾਲਾਂ ਤੋਂ ਦੁਬਈ ਵਿਖੇ ਟਰਾਲਾ ਚਲਾ ਰਿਹਾ ਸੀ, ਜਿਸ ਦੀ ਕੁਝ ਦਿਨ ਪਹਿਲਾਂ ਸਿਹਤ ਖਰਾਬ ਹੋ ਗਈ, ਜਿਸ ਕਰਕੇ ਉਸ ਨੇ ਆਪਣਾ ਹਸਪਤਾਲ ‘ਚ ਚੈੱਕਅਪ ਕਰਵਾਇਆ ਅਤੇ ਉਸ ਦਾ ਕੋਰੋਨਾ ਦਾ ਟੈਸਟ ਵੀ ਨੈਗੇਟਿਵ ਹੀ ਆਇਆ ਸੀ। ਫਿਰ ਵੀ ਉਹ ਆਪਣੇ ਰੂਮ ‘ਚ ਨਾ ਜਾਣ ਦੀ ਬਜਾਏ ਟਰਾਲੇ ‘ਚ ਹੀ ਰਹਿ ਰਿਹਾ ਸੀ ਅਤੇ ਹੌਲੀ- ਹੌਲੀ ਉਸ ਦੀ ਸਿਹਤ ਜ਼ਿਆਦਾ ਵਿਗੜਦੀ ਗਈ। ਜਿਸ ਉਪਰੰਤ ਉਸ ਨੇ ਐਂਬੂਲੈਂਸ ਨੂੰ ਫੋਨ ਕੀਤਾ, ਜਿਸ ਦੇ ਰਾਹੀਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਕੁਝ ਦਿਨ ਇਲਾਜ ਚੱਲਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਅਤੇ ਦੱਸਿਆ ਜਾ ਰਿਹਾ ਹੈ ਕਿ ਦੁਬਾਰਾ ਜਦੋਂ ਉਸ ਦਾ ਕੋਰੋਨਾ ਦਾ ਟੈਸਟ ਹੋਇਆ ਤਾਂ ਉਹ ਪਾਜ਼ੇਟਿਵ ਪਾਇਆ ਗਿਆ ਸੀ। ਦੱਸਣਯੋਗ ਹੈ ਕਿ ਮ੍ਰਿਤਕ ਦੇ ਪਿਤਾ ਦੀ ਵੀ ਕੁਝ ਦਿਨ ਪਹਿਲਾਂ ਹੀ ਮੌਤ ਹੋਈ ਸੀ। ਮ੍ਰਿਤਕ ਆਪਣੇ ਪਿੱਛੇ ਦੋ ਬੱਚੇ, ਪਤਨੀ ਅਤੇ ਬਜ਼ੁਰਗ ਮਾਤਾ ਨੂੰ ਛੱਡ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦਾ ਅੰਤਿਮ ਸੰਸਕਾਰ ਵੀ ਦੁਬਈ ‘ਚ ਉਸਦੇ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਹੀ ਕੀਤਾ ਜਾਵੇਗਾ।