ਕੋਵਿਡ-19: ਕੈਪਟਨ ਵੱਲੋਂ ਪੰਜਾਬ ’ਚ ਸਖਤ ਪਾਬੰਦੀਆਂ ਲਾਉਣ ਦਾ ਐਲਾਨ

80
Share

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ ਟੈਸਟਾਂ ਦੇ ਰੇਟ ਘਟਾਏ; ਵਿਆਹ ਸਮਾਗਮਾਂ ’ਚ 20 ਜਣੇ ਹੀ ਹੋ ਸਕਣਗੇ ਸ਼ਾਮਲ
ਚੰਡੀਗੜ੍ਹ, 19 ਅਪ੍ਰੈਲ (ਪੰਜਾਬ ਮੇਲ)- ਪੰਜਾਬ ’ਚ ਕਰੋਨਾ ਦੇ ਕੇਸ ਲਗਾਤਾਰ ਵਧਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਸੂਬੇ ’ਚ ਭਲਕੇ ਤੋਂ ਕਰਫਿਊ ਰਾਤ ਅੱਠ ਵਜੇ ਤੋਂ ਸਵੇਰ ਪੰਜ ਵਜੇ ਤੱਕ ਰਹੇਗਾ, ਜਦਕਿ ਪਹਿਲਾਂ ਕਰਫਿਊ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਸੀ। ਸੂਬੇ ’ਚ ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ 30 ਅਪ੍ਰੈਲ ਤੱਕ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਦਕਿ ਹੋਟਲਾਂ ਤੇ ਰੇਸਤਰਾਂ ਸਿਰਫ ਹੋਮ ਡਿਲਿਵਰੀ ਲਈ ਹੀ ਖੁੱਲ੍ਹੇ ਰਹਿਣਗੇ। ਵੱਡੀਆਂ ਰੈਲੀਆਂ ਤੋਂ ਆਉਣ ਵਾਲਿਆਂ ਨੂੰ ਪੰਜ ਦਿਨ ਘਰ ’ਚ ਇਕਾਂਤਵਾਸ ਰਹਿਣਾ ਪਵੇਗਾ। ਇਸ ਤੋਂ ਇਲਾਵਾ ਐਤਵਾਰ ਨੂੰ ਮਿਨੀ ਲੌਕਡਾਊਨ ਲਾਇਆ ਜਾਵੇਗਾ, ਜਿਸ ਦੌਰਾਨ ਮਾਲ, ਦੁਕਾਨਾਂ ਤੇ ਬਾਜ਼ਾਰ ਬੰਦ ਰਹਿਣਗੇ। ਕਰੋਨਾ ਕੇਸਾਂ ਦੀ ਟੈਸਟਿੰਗ ਵਧਾਉਣ ਲਈ ਆਰਟੀ-ਪੀਸੀਆਰ ਤੇ ਰੈਪਿਡ ਐਂਟੀਜਨ ਟੈਸਟਿੰਗ ਦੇ ਰੇਟ ਘਟਾ ਕੇ ਕ੍ਰਮਵਾਰ 450 ਰੁਪਏ ਤੇ 300 ਰੁਪਏ ਕੀਤੇ ਗਏ ਹਨ। ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਸੂਬੇ ਵਿਚ ਚਲਦੀਆਂ ਬੱਸਾਂ, ਟੈਕਸੀਆਂ ਤੇ ਥ੍ਰੀ ਵੀਲ੍ਹਰਾਂ ਵਿਚ ਸਮਰੱਥਾ ਅਨੁਸਾਰ 50 ਫੀਸਦੀ ਸਵਾਰੀਆਂ ਬਿਠਾਉਣ ਦੀਆਂ ਹਦਾਇਤਾਂ ਜਾਰੀ ਕਰੇ। ਇਸ ਤੋਂ ਇਲਾਵਾ ਰਾਮ ਨੌਵੀ ਵਾਲੇ ਦਿਨ ਬੁੱਧਵਾਰ ਟਰਾਈਸਿਟੀ ਵਿਚ ਪੂਰਨ ਲੌਕਡਾਊਨ ਰਹੇਗਾ। ਸੂਬੇ ਵਿਚ ਕਿਸੇ ਵੀ ਸਮਾਗਮ (ਵਿਆਹ ਤੇ ਹੋਰ) ਵਿਚ 20 ਤੋਂ ਜ਼ਿਆਦਾ ਮਹਿਮਾਨ ਇਕੱਠੇ ਨਹੀਂ ਹੋ ਸਕਣਗੇ।

Share