ਕੋਵਿਡ-19: ਕਿਸਾਨ ਅੰਦੋਲਨ ਕਰ ਰਹੇ ਕਿਸਾਨਾਂ ਨੇ ਸ਼ਿਕੰਜਵੀ ਅਤੇ ਦੇਸੀ ਕਾੜੇ ਦਾ ਸੇਵਨ ਵਧਾਇਆ

114
Share

ਟਿੱਕਰੀ ਬਾਰਡਰ ’ਤੇ ਸਥਾਪਤ ਕੀਤਾ ਜਾਵੇ ਟੀਕਾਕਰਨ ਕੇਂਦਰ
ਨਵੀਂ ਦਿੱਲੀ, 10 ਮਈ (ਪੰਜਾਬ ਮੇਲ)- ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਲਗਭਗ 6 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਆਪਣੇ ਖਾਣ-ਪੀਣ ਵਿਚ ਸ਼ਿਕੰਜਵੀ ਅਤੇ ਦੇਸੀ ਕਾੜ੍ਹੇ ਦਾ ਸੇਵਨ ਵਧਾ ਦਿੱਤਾ ਹੈ। ਦੇਸ਼ ’ਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਕਾਰਨ ਰੋਜ਼ਾਨਾ ਸੈਂਕੜੇ ਲੋਕਾਂ ਦੀ ਮੌਤ ਹੋ ਰਹੀ ਹੈ ਅਤੇ ਹਜ਼ਾਰਾਂ ਲੋਕ ਬੀਮਾਰੀ ਦੀ ਲਪੇਟ ’ਚ ਆ ਰਹੇ ਹਨ। ਇਸ ਦੇ ਬਾਵਜੂਦ ਕਿਸਾਨ ਆਪਣੀਆਂ ਮੰਗਾਂ ਮੰਨਵਾਏ ਬਿਨਾਂ ਵਾਪਸ ਜਾਣ ਲਈ ਤਿਆਰ ਨਹੀਂ। ਕਿਸਾਨਾਂ ਨੇ ਵਾਇਰਸ ਖ਼ਿਲਾਫ਼ ਰੋਗ-ਰੋਕੂ ਸਮਰੱਥਾ ਵਧਾਉਣ ਲਈ ਜ਼ਿੰਕ ਅਤੇ ਮਲਟੀ-ਵਿਟਾਮਿਨ ਦੀ ਖੁਰਾਕ ਲੈਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੋਵਿਡ-19 ਟੀਕਾਕਰਨ ਕਰਵਾਉਣ ਲਈ ਤਿਆਰ ਹਨ।
ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਸੈਂਕੜੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ ’ਤੇ ਡੇਰਾ ਲਾ ਕੇ ਬੈਠੇ ਹਨ। ਕਈ ਕਿਸਾਨਾਂ ਨੂੰ ਕੋਰੋਨਾ ਪ੍ਰਭਾਵਿਤ ਹੋਣ ਕਾਰਨ ਹਟਾਇਆ ਜਾ ਰਿਹਾ ਹੈ ਅਤੇ ਲੱਛਣ ਵਾਲੇ ਕੁਝ ਅੰਦੋਲਨਕਾਰੀਆਂ ਦਾ ਇਲਾਜ ਚੱਲ ਰਿਹਾ ਹੈ। ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਿੰਘੂ ਬਾਰਡਰ ’ਤੇ ਕੋਰੋਨਾਵਾਇਰਸ ਦੇ ਮਾਮਲੇ ਨਹੀਂ ਹਨ। ਕਿਸਾਨ ਆਪਣਾ ਖਿਆਲ ਰੱਖ ਰਹੇ ਹਨ ਅਤੇ ਦੇਸੀ ਕਾੜ੍ਹੇ ਤੇ ਮਲਟੀ-ਵਿਟਾਮਿਨ ਦੇ ਕੈਪਸੂਲਾਂ ਦੀ ਵਰਤੋਂ ਕਰ ਰਹੇ ਹਨ।
ਕਿਸਾਨ ਨੇਤਾ ਕੁਲਵੰਤ ਸਿੰਘ ਨੇ ਕਿਹਾ ਕਿ ਸਿੰਘੂ ਬਾਰਡਰ ਦੇ ਇਕ ਹਸਪਤਾਲ ’ਚ ਟੀਕਾਕਰਨ ਕੇਂਦਰ ਚਲਾਇਆ ਜਾ ਰਿਹਾ ਹੈ। ਸਾਡੇ ਇਕ ਨੇਤਾ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਿਲੇ ਸਨ। ਉਹ ਹੁਣ ਠੀਕ ਹਨ। ਜਿਨ੍ਹਾਂ ਲੋਕਾਂ ’ਚ ਲੱਛਣ ਦਿਖਾਈ ਦੇ ਰਹੇ ਹਨ, ਉਨ੍ਹਾਂ ਦੀ ਜਾਂਚ ਕਰਵਾਈ ਜਾ ਰਹੀ ਹੈ। ਬਾਰਡਰ ’ਤੇ ਕਿਸਾਨ ਪੌਸ਼ਟਿਕ ਭੋਜਨ ਲੈ ਰਹੇ ਹਨ। ਬਾਰਡਰ ਦੇ ਨੇੜੇ ਹਸਪਤਾਲ ਵਿਚ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਮੈਂ ਪੰਜਾਬ ਵਿਚ ਟੀਕੇ ਦੀ ਪਹਿਲੀ ਖੁਰਾਕ ਲਈ ਹੈ। ਅਗਲੀ ਖੁਰਾਕ ਲਈ ਵੀ ਮੈਂ ਵਾਪਸ ਪੰਜਾਬ ਜਾਵਾਂਗਾ। ਟਿੱਕਰੀ ਬਾਰਡਰ ’ਤੇ ਕਿਸਾਨ ਆਗੂ ਬੂਟਾ ਸਿੰਘ ਨੇ ਕਿਹਾ, ‘‘ਅਸੀਂ ਟੀਕਾਕਰਨ ਲਈ ਅਧਿਕਾਰੀਆਂ ਨੂੰ ਟਿੱਕਰੀ ਬਾਰਡਰ ’ਤੇ ਕੇਂਦਰ ਸਥਾਪਤ ਕਰਨ ਦੀ ਅਪੀਲ ਕੀਤੀ ਸੀ ਪਰ ਹੁਣ ਤੱਕ ਕੋਈ ਕਦਮ ਨਹੀਂ ਚੁੱਕਿਆ ਗਿਆ।’’

Share