ਕੋਵਿਡ-19 ਕਾਰਨ ਕੈਨੇਡਾ ਵੱਲੋਂ ਭਾਰਤ ਲਈ ਹਵਾਈ ਸੇਵਾ ਅਣਮਿੱਥੇ ਸਮੇਂ ਲਈ ਬੰਦ

128
Share

-ਕੈਨੇਡਾ-ਭਾਰਤ ’ਚ ਦੋਵਾਂ ਦੇਸ਼ਾਂ ਦੇ ਕਈ ਨਾਗਰਿਕ ਫਸੇ
-ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਕੋਈ ਬੰਦੋਬਸਤ ਨਹੀਂ
ਟੋਰਾਂਟੋ, 12 ਮਈ (ਪੰਜਾਬ ਮੇਲ)- ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਕਾਰਨ ਭਾਰਤ ਨਾਲ ਕਈ ਦੇਸ਼ਾਂ ਨੇ ਹਵਾਈ ਸੇਵਾ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਹੈ। ਕੈਨੇਡਾ ਸਰਕਾਰ ਨੇ ਵੀ ਬੀਤੇ ਦਿਨੀਂ ਭਾਰਤ ਤੋਂ ਅਚਾਨਕ ਸਾਰੀਆਂ ਯਾਤਰੀ ਉਡਾਣਾਂ ਰੱਦ ਕਰ ਦਿੱਤੀਆਂ ਸਨ। ਸਿਰਫ ਜ਼ਰੂਰੀ ਸਾਮਾਨ ਦੀ ਢੋਆ-ਢੁਆਈ ਲਈ ਕਾਰਗੋ ਜਹਾਜ਼ ਹੀ ਚੱਲ ਰਹੇ ਹਨ। ਅਜਿਹੇ ਵਿਚ ਬੀਤੇ ਸਾਲ ਮਾਰਚ ’ਚ ਲੱਗੀ ਤਾਲਾਬੰਦੀ ਵਾਂਗ ਹੀ ਕੁਝ ਕੈਨੇਡਾ ਵਸਨੀਕ ਭਾਰਤ ਵਿਚ ਅਤੇ ਕਈ ਭਾਰਤੀ ਕੈਨੇਡਾ ਵਿਚ ਫਸੇ ਹੋਏ ਹਨ। ਉਨ੍ਹਾਂ ਨੂੰ ਵਾਪਸ ਪਰਤਣ ਲਈ ਆਪਣੇ ਬਲਬੂਤੇ ਹੀ ਯਤਨ ਕਰਨੇ ਪੈਣੇ ਹਨ ਕਿਉਂਕਿ ਹਾਲ ਦੀ ਘੜੀ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਕੋਈ ਬੰਦੋਬਸਤ ਨਹੀਂ ਕੀਤੇ ਜਾ ਰਹੇ ਹਨ।
ਬੀਤੀ 4 ਮਈ ਤੱਕ ਭਾਰਤ ਤੋਂ ਅਮਰੀਕਾ ਦੀਆਂ ਉਡਾਣਾਂ ਚੱਲ ਰਹੀਆਂ ਸਨ, ਜਿਸ ਕਰਕੇ ਕੈਨੇਡਾ ਦੇ ਕੁਝ ਨਾਗਰਿਕ ਉਸ ਰਸਤੇ ਕੈਨੇਡਾ ਪਰਤ ਰਹੇ ਸਨ। ਟੋਰਾਂਟੋ ’ਚ ਭਾਰਤ ਦੇ ਦੂਤਾਵਾਸ ਤੋਂ ਕੌਸ਼ਲ ਧੀਰਜ ਪਾਰਿਕ ਨੇ ਦੱਸਿਆ ਕਿ ਉਡਾਣਾਂ ਰੱਦ ਹੋਣ ਤੋਂ ਬਾਅਦ ਭਾਰਤ ਸਰਕਾਰ ਦਾ ਕੈਨੇਡਾ ਵਿਚੋਂ ਭਾਰਤੀਆਂ ਨੂੰ ਵਾਪਸ ਲਿਜਾਣ ਦਾ ਹਾਲੇ ਕੋਈ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਲੇ ਤੱਕ ਕਿਸੇ ਭਾਰਤੀ ਨੇ ਕੈਨੇਡਾ ਤੋਂ ਵਾਪਸ ਜਾਣ ਲਈ ਸੰਪਰਕ ਵੀ ਨਹੀਂ ਕੀਤਾ। ਧੀਰਜ ਨੇ ਦੱਸਿਆ ਕਿ ਪਰਿਵਾਰਕ ਐਮਰਜੈਂਸੀ ਹਾਲਾਤ ਵਿਚ ਭਾਰਤ ਜਾਣ ਲਈ ਲੋਕਾਂ ਵੱਲੋਂ ਜਾਣਕਾਰੀ ਹਾਸਲ ਕੀਤੀ ਜਾਂਦੀ ਰਹਿੰਦੀ ਹੈ ਪਰ ਉਡਾਣਾਂ ਬੰਦ ਹੋਣ ਕਾਰਨ ਕੈਨੇਡਾ ਵਿਚੋਂ ਭਾਰਤ ਦੇ ਨਾਗਰਿਕਾਂ ਨੂੰ ਵਾਪਸ ਜਾਣ ਦੀ ਕੋਈ ਕਾਹਲੀ ਨਜ਼ਰ ਨਹੀਂ ਆਉਂਦੀ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਸਮਾਂ ਸਫਰ ਕਰਨ ਦਾ ਨਹੀਂ ਹੈ, ਜਿਸ ਕਰਕੇ ਲੋਕ ਜਿੱਥੇ ਵੀ ਹਨ, ਉੱਥੇ ਰਹਿਣ ਅਤੇ ਵੈਕਸੀਨ ਲਗਵਾ ਕੇ ਖੁਦ ਨੂੰ ਸੁਰੱਖਿਅਤ ਰੱਖਣ। ਉਨ੍ਹਾਂ ਦੱਸਿਆ ਕਿ ਕੋਰੋਨਾਵਾਇਰਸ ਕਾਰਨ ਓਨਟਾਰੀਓ ’ਚ ਸੂਬਾਈ ਸਰਕਾਰ ਨੇ ਲੋਕਾਂ ਨੂੰ ਘਰੋ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਹੋਈ ਹੈ। ਜਿਸ ਕਰਕੇ ਭਾਰਤੀ ਦੂਤਾਵਾਸ ਵੀ ਬੰਦ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵਿਚ ਕਿਸੇ ਭਾਰਤੀ ਨਾਗਰਿਕ ਜਾਂ ਦੂਤਾਵਾਸ ਦੀਆਂ ਸੇਵਾਵਾਂ ਦੀ ਲੋੜ ਪਵੇ, ਤਾਂ ਅਗਾਊਂ ਸਮਾਂ ਲੈਣਾ ਜ਼ਰੂਰੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਬੀਤੇ ਦਿਨੀਂ ਲੋਕਾਂ ਨੂੰ ਲਗਾਤਾਰ ਅਪੀਲਾਂ ਕੀਤੀਆਂ ਕਿ ਵਾਇਰਸ ਦੇ ਹਾਲਾਤ ਅਸਥਿਰ ਹਨ, ਇਸ ਲਈ ਕੈਨੇਡਾ ਤੋਂ ਬਾਹਰ ਨਾ ਜਾਇਆ ਜਾਵੇ।

Share