ਕੋਵਿਡ-19: ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਲਈ ਨੇਪਾਲ ਯਾਤਰਾ ਲਈ ਐਡਵਾਇਜ਼ਰੀ ਜਾਰੀ

118
Share

ਕਾਠਮੰਡੂ, (ਪੰਜਾਬ ਮੇਲ)- ਅਮਰੀਕੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਨੇਪਾਲ ਦੀ ਯਾਤਰਾ ਕਰਨ ਸੰਬੰਧੀ ਚਿਤਾਵਨੀ ਜਾਰੀ ਕੀਤੀ ਹੈ। ਸਰਕਾਰ ਨੇ ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਉੱਥੇ ਸੀਮਤ ਮੈਡੀਕਲ ਸਹੂਲਤ ਦੇ ਪ੍ਰਤੀ ਵੀ ਸਾਵਧਾਨ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਆਪਣੀ ਵੈਬਸਾਈਟ ’ਤੇ ਨੋਟਿਸ ਜਾਰੀ ਕਰਕੇ ਨੇਪਾਲ ਜਾਣ ਦੇ ਚਾਹਵਾਨ ਆਪਣੇ ਨਾਗਰਿਕਾਂ ਨੂੰ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੀ ਪਿੱਠਭੂਮੀ ਵਿਚ ਉੱਥੇ ਸੀਮਤ ਮੈਡੀਕਲ ਅਤੇ ਸਰਕਾਰੀ ਸੇਵਾਵਾਂ ਦੇ ਪ੍ਰਤੀ ਸਾਵਧਾਨ ਕੀਤਾ ਹੈ।
ਸ਼ੁੱਕਰਵਾਰ ਨੂੰ ਅਪਲੋਡ ਨੋਟਿਸ ’ਚ ਕਿਹਾ ਗਿਆ, ‘‘ਗੌਰ ਕਰੋ ਕਿ ਉੱਥੇ ਬੁਨਿਆਦੀ ਢਾਂਚਾ, ਸਰਕਾਰੀ ਸੇਵਾਵਾਂ ਅਤੇ ਮੈਡੀਕਲ ਮਦਦ ਅਮਰੀਕੀ ਮਾਪਦੰਡ ਦੇ ਮੁਤਾਬਕ ਨਹੀਂ ਹੋ ਸਕਦੀ ਹੈ।’’ ਜ਼ਿਕਰਯੋਗ ਹੈ ਕਿ ਨੇਪਾਲ ਵਿਚ ਕੋਵਿਡ-19 ਟੀਕੇ ਅਤੇ ਜ਼ਰੂਰੀ ਮੈਡੀਕਲ ਸਪਲਾਈ ਦੀ ਕਮੀ ਹੈ। ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਕਾਰਨ ਹਸਪਤਾਲਾਂ ਵਿਚ ਬੈੱਡ ਅਤੇ ਆਕਸੀਜਨ ਦੀ ਕਮੀ ਹੋ ਗਈ ਹੈ। ਅਮਰੀਕੀ ਪ੍ਰਸ਼ਾਸਨ ਨੇ ਆਪਣੀ ਇੱਛਾ ਨਾਲ ਆਪਣੇ ਸਰਕਾਰੀ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਗੈਰ ਐਮਰਜੈਂਸੀ ਸੇਵਾ ਦੇ ਸਰਕਾਰੀ ਕਰਮਚਾਰੀਆਂ ਨੂੰ ਨੇਪਾਲ ਤੋਂ ਪਰਤਣ ਦੀ ਇਜਾਜ਼ਤ ਦੇ ਦਿੱਤੀ ਹੈ।¿;
ਇਸ ਵਿਚਕਾਰ ਨੇਪਾਲ ਨੇ ਵੀਰਵਾਰ ਤੋਂ ਸਾਰੀਆਂ ਅੰਤਰਰਾਸ਼ਟਰੀ ਵਪਾਰਕ ਉਡਾਣਾਂ ਨੂੰ ਮੁਲਤਵੀ ਕਰ ਦਿੱਤਾ ਹੈ। ਇੱਥੇ ਸਥਿਤ ਅਮਰੀਕੀ ਦੂਤਾਵਾਸ ਨੇ ਨੋਟਿਸ ਜਾਰੀ ਕਰਕੇ ਕਿਹਾ ਕਿ ਮੌਜੂਦਾ ਤਾਲਾਬੰਦੀ ਕਾਰਨ ਭਾਰਤ ਲਈ ਹਫ਼ਤੇ ਵਿਚ ਦੋ ਉਡਾਣਾਂ ਨੂੰ ਛੱਡ ਕੇ ਕਾਠਮੰਡੂ ਤੋਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਦੂਤਾਵਾਸ ਨੇ ਕਿਹਾ, ‘‘ਭਾਵੇਂਕਿ ਤਾਲਾਬੰਦੀ ਦੌਰਾਨ ਚਾਰਟਰਡ ਉਡਾਣਾਂ ਦਾ ਵਿਕਲਪ ਹੈ ਪਰ ਹਾਲੇ ਅਜਿਹੀ ਕੋਈ ਯੋਜਨਾ ਨਹੀਂ ਹੈ।’’

Share