ਕੋਵਿਡ-19: ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਮੌਜੂਦਾ ਉਡਾਣਾਂ ਰਾਹੀਂ ਭਾਰਤ ਤੋਂ ਘਰ ਵਾਪਸੀ ਦੀ ਅਪੀਲ

112
Share

-ਆਪਣੇ ਨਾਗਰਿਕਾਂ ਨੂੰ ਭਾਰਤ ਯਾਤਰਾ ਨਾ ਕਰਨ ਦੀ ਅਪੀਲ
ਵਾਸ਼ਿੰਗਟਨ, 8 ਮਈ (ਪੰਜਾਬ ਮੇਲ)- ਕੋਵਿਡ-19 ਦੇ ਮਾਮਲਿਆਂ ’ਚ ਵੱਡੀ ਗਿਣਤੀ ’ਚ ਵਾਧੇ ਨੂੰ ਦੇਖਦੇ ਹੋਏ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ ਅਤੇ ਸ਼ੁੱਕਰਵਾਰ ਨੂੰ ਉਸ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਮੌਜੂਦਾ ਉਡਾਣਾਂ ਰਾਹੀਂ ਉਹ ਘਰ ਪਰਤ ਆਉਣ। ਵਿਦੇਸ਼ ਵਿਭਾਗ ਨੇ ਸਿਹਤ ਚਿਤਾਵਨੀ ਜਾਰੀ ਕਰ ਕੇ ਕਿਹਾ ਕਿ ਯੂਨਾਈਟਿਡ ਏਅਰਲਾਇੰਸ ਅਤੇ ਏਅਰ ਇੰਡੀਆ ਇਸ ਸਮੇਂ ਭਾਰਤ ਤੋਂ ਅਮਰੀਕਾ ਲਈ ਹਫਤਾਵਾਰ ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰ ਰਹੀਆਂ ਹਨ।
ਏਅਰ ਫਰਾਂਸ, ਲੁਫਥਾਂਸਾ ਅਤੇ ਕਤਰ ਏਅਰਵੇਜ਼ ’ਤੇ ਪੈਰਿਸ, ਫ੍ਰੈਂਕਫਰਟ ਅਤੇ ਦੋਹਾ ਹੁੰਦੇ ਹੋਏ ਵੀ ਉਡਾਣਾਂ ਦਾ ਬਦਲ ਮੌਜੂਦ ਹੈ। ਸਿਹਤ ਚਿਤਾਵਨੀ ’ਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਜਿਹੜੇ ਨਾਗਰਿਕ ਭਾਰਤ ਤੋਂ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਏਅਰਲਾਈਨ ਰਾਹੀਂ ਟਿਕਟ ਬੁੱਕ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਨਾਲ ਹੀ ਕਿਹਾ ਗਿਆ ਕਿ ਅਮਰੀਕਾ ਦੀ ਯਾਤਰਾ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ (ਦੋ ਸਾਲ ਤੋਂ ਇਸ ਤੋਂ ਵਧੇਰੇ ਦੇ) ਜ਼ਰੂਰੀ ਹੈ ਕਿ ਉਹ ਯਾਤਰਾ ਤੋਂ ਤਿੰਨ ਦਿਨ ਪਹਿਲਾਂ ਕੋਵਿਡ-19 ਦੀ ਜਾਂਚ ਕਰਵਾਉਣ ਅਤੇ ਜਹਾਜ਼ ’ਚ ਸਵਾਰ ਹੋਣ ਤੋਂ ਪਹਿਲਾਂ ਨੈਗੇਟਿਵ ਰਿਪੋਰਟ ਹੋਣਾ ਜ਼ਰੂਰੀ ਹੈ।
ਯਾਤਰੀਆਂ ਨੂੰ ਕੋਵਿਡ-19 ਤੋਂ ਉਭਰਨ ਦਾ ਦਸਤਾਵੇਜ਼ ਦਿਖਾਉਣਾ ਪਵੇਗਾ। ਇਸ ਦੇ ਨਾਲ ਹੀ ਅਮਰੀਕਾ ਪਹੁੰਚਣ ’ਤੇ ਯਾਤਰੀਆਂ ਨੂੰ ਯਾਤਰਾ ਤੋਂ ਬਾਅਦ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ। ਅਮਰੀਕਾ ਨੇ ਇਸ ਹਫਤੇ ਭਾਰਤ ਨੂੰ ਲੈ ਕੇ ਯਾਤਰਾ ਸਲਾਹਕਾਰੀ ਜਾਰੀ ਕੀਤੀ ਸੀ ਅਤੇ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਸੀ ਕਿ ਉਥੇ ਕੋਵਿਡ-19 ਦੇ ਮਾਮਲਿਆਂ ’ਚ ਵੱਡੀ ਗਿਣਤੀ ’ਚ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਭਾਰਤ ਦੀ ਯਾਤਰਾ ਨਾ ਕੀਤੀ ਜਾਵੇ।

Share