ਕੋਵਿਡ-19 : ਅਮਰੀਕਾ ਦੇ ਸ਼ਾਪਿੰਗ ਮਾਲ ‘ਚ ਔਰਤ ਗ੍ਰਿਫ਼ਤਾਰ; ਚੱਟ ਰਹੀ ਸੀ ਖਾਣ ਵਾਲਾ ਸਾਮਾਨ

766

ਕੈਲੀਫੋਰਨੀਆ, 9 ਅਪ੍ਰੈਲ (ਪੰਜਾਬ ਮੇਲ)- ਇਸ ਸਮੇਂ ਵਿਸ਼ਵ ਸਣੇ ਅਮਰੀਕਾ ਵੀ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ। ਕੋਰੋਨਾਵਾਇਰਸ ਦੇ ਪੀੜਤਾਂ ਦੀ ਸਭ ਤੋਂ ਵੱਧ ਗਿਣਤੀ ਅਮਰੀਕਾ ਵਿਚ ਹੀ ਦਰਜ ਕੀਤੀ ਗਈ ਹੈ। ਹਾਲ ਇਹ ਹੈ ਕਿ ਕੋਰੋਨਾ ਰੋਜ਼ਾਨਾ ਸੈਂਕੜੇ ਲੋਕਾਂ ਦੀ ਜਾਨ ਲੈ ਰਿਹਾ ਹੈ। ਅਜਿਹੇ ਵਿਚ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਕੁਝ ਲੋਕ ਜਾਣ-ਬੁੱਝ ਕੇ ਇਸ ਵਾਇਰਸ ਨੂੰ ਫੈਲਾਅ ਰਹੇ ਹਨ। ਕੈਲੀਫੋਰਨੀਆ ਵਿਚ ਇਕ ਔਰਤ ਨੂੰ ਸਥਾਨਕ ਪੁਲਿਸ ਨੇ ਹਿਰਾਸਤ ਵਿਚ ਲਿਆ ਜੋ ਇਕ ਸੁਪਰ ਮਾਰਕਿਟ ਵਿਚ ਬਹੁਤ ਸਾਰੇ ਰਾਸ਼ਨ ਨੂੰ ਚੱਟ ਰਹੀ ਸੀ। ਹੁਣ ਉਸ ਨੂੰ 1800 ਡਾਲਰ ਭਾਵ ਇਕ ਲੱਖ ਰੁਪਏ ਦਾ ਜੁਰਮਾਨਾ ਲੱਗਾ ਹੈ ਅਤੇ ਇਸ ਦੇ ਨਾਲ ਹੀ ਉਸ ਨੂੰ ਹਿਰਾਸਤ ਵਿਚ ਵੀ ਲੈ ਲਿਆ ਗਿਆ ਹੈ। ਔਰਤ ਦੀ ਪਛਾਣ ਜੈਨੀਫਰ ਵਾਕਰ (53) ਨਾਂ ਤੋਂ ਹੋਈ ਹੈ।
ਨਵਾਡਾ ਨੇੜੇ ਦੱਖਣੀ ਲੇਕ ਤੋਹੋ ਪੁਲਿਸ ਵਿਭਾਗ ਦੇ ਬੁਲਾਰੇ ਕ੍ਰਿਸ ਫਿਓਰ ਮੁਤਾਬਕ ਅਫਸਰਾਂ ਨੂੰ ਮੰਗਲਵਾਰ ਨੂੰ ਸੇਫਵੇਅ ਸਟੋਰ ‘ਤੇ ਬੁਲਾਇਆ ਗਿਆ ਸੀ ਅਤੇ ਦੱਸਿਆ ਗਿਆ ਕਿ ਔਰਤ ਸ਼ਾਪਿੰਗ ਮਾਲ ਵਿਚ ਰੱਖੀਆਂ ਸਬਜ਼ੀਆਂ, ਮੀਟ, ਸ਼ਰਾਬ ਅਤੇ ਹੋਰ ਸਮਾਨ ਨੂੰ ਵਾਰ-ਵਾਰ ਚੱਟ ਰਹੀ ਸੀ। ਕਰਮਚਾਰੀਆਂ ਨੇ ਦੱਸਿਆ ਕਿ ਔਰਤ ਨੇ ਹੱਥਾਂ ਵਿਚ ਪਾਉਣ ਵਾਲੇ ਗਹਿਣੇ ਦੇ ਟੁਕੜੇ ਵੀ ਦੁਕਾਨ ਵਿਚੋਂ ਚੁੱਕੇ ਤੇ ਉਨ੍ਹਾਂ ਨੂੰ ਵੀ ਚੱਟਣ ਲੱਗ ਗਈ। ਉਸ ਕੋਲ ਚੀਜ਼ਾਂ ਖਰੀਦਣ ਦਾ ਕੋਈ ਸਾਧਨ ਨਹੀਂ ਸੀ, ਸ਼ਾਇਦ ਇਸੇ ਲਈ ਉਹ ਸਮਾਨ ਨੂੰ ਚੱਟ-ਚੱਟ ਕੇ ਇਕੱਠਾ ਕਰ ਰਹੀ ਸੀ। ਉਸ ਵਲੋਂ ਚੱਟਿਆ ਗਿਆ ਸਾਮਾਨ ਸੁਰੱਖਿਆ ਕਾਰਨਾਂ ਕਰਕੇ ਨਸ਼ਟ ਕਰ ਦਿੱਤਾ ਗਿਆ ਹੈ।