ਕੋਵਿਡ-19: ਅਮਰੀਕਾ ‘ਚ ਇਕੋ ਦਿਨ ਸਾਹਮਣੇ ਆਏ 10 ਹਜ਼ਾਰ ਮਾਮਲੇ, ਟਰੰਪ ਵੱਲੋਂ ਚਿਤਾਵਨੀ ਜਾਰੀ

792
Share

ਵਾਸ਼ਿੰਗਟਨ ,  25 ਮਾਰਚ (ਪੰਜਾਬ ਮੇਲ)- ਅਮਰੀਕਾ ‘ਚ ਕੋਰੋਨਾਵਾਇਰਸ ਦੇ ਇਕੋ ਦਿਨ ‘ਚ 10 ਹਜ਼ਾਰ ਤੋਂ ਵਧੇਰੇ ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਦੇਸ਼ ਵਿਚ ਅਜਿਹੇ ਮਾਮਲਿਆਂ ਦੀ ਗਿਣਤੀ ਵਧ ਕੇ 43,734 ਹੋ ਗਈ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹੱਤਵਪੂਰਨ ਮੈਡੀਕਲ ਸਮਾਨ ਦੀ ਸਪਲਾਈ ਤੇ ਵਿਅਕਤੀਗਤ ਸੁਰੱਖਿਆ ਉਪਕਰਨਾਂ ਦੀ ਜਮਾਖੋਰੀ ਰੋਕਣ ਲਈ ਇਕ ਕਾਰਜਕਾਰੀ ਹੁਕਮ ‘ਤੇ ਵੀ ਦਸਤਖਤ ਕੀਤੇ। ਅਮਰੀਕਾ ਵਿਚ ਨਾਲ ਹੀ ਪਹਿਲੀ ਵਾਰ ਕੋਰੋਨਾਵਾਇਰਸ ਕਾਰਨ ਇਕ ਦਿਨ ਵਿਚ 130 ਤੋਂ ਵਧੇਰੇ ਮੌਤਾਂ ਹੋਈਆਂ ਹਨ, ਜਿਸ ਨਾਲ ਸੋਮਵਾਰ ਰਾਤ ਤੱਕ ਮਰਨ ਵਾਲਿਆਂ ਦੀ ਗਿਣਤੀ ਵਧ ਕੇ 550 ਹੋ ਗਈ ਹੈ।
ਦੁਨੀਆਂ ਭਰ ਵਿਚ ਕੋਵਿਡ-19 ਮਾਮਲਿਆਂ ਬਾਰੇ ਬਿਓਰਾ ਰੱਖਣ ਵਾਲੀ ਵੈੱਬਸਾਈਟ ਵਰਲਡ-ਓ-ਮੀਟਰ ਦੇ ਮੁਤਾਬਕ ਸੋਮਵਾਰ ਤੱਕ ਅਮਰੀਕਾ ‘ਚ ਕੋਰੋਨਾਵਾਇਰਸ ਦੇ 43,734 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚੋਂ 10 ਹਜ਼ਾਰ ਤੋਂ ਵਧੇਰੇ ਮਾਮਲੇ ਇਕ ਦਿਨ ਵਿਚ ਵਧੇ ਹਨ। ਇਸ ਦੌਰਾਨ ਮੈਡੀਕਲ ਉਪਕਰਨਾਂ ਦੀ ਜਮਾਖੋਰੀ ਨੂੰ ਰੋਕਣ ਦੇ ਟੀਚੇ ਨਾਲ ਰਾਸ਼ਟਰਪਤੀ ਟਰੰਪ ਨੇ ਇਕ ਕਾਰਜਕਾਰੀ ਹੁਕਮ ‘ਤੇ ਦਸਤਖਤ ਵੀ ਕੀਤੇ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਸਰਕਾਰ ਮਹੱਤਵਪੂਰਨ ਮੈਡੀਕਲ ਤੇ ਵਿਅਕਤੀਗਤ ਸੁਰੱਖਿਆ ਉਪਕਰਨਾਂ ਦੀ ਜਮਾਖੋਰੀ ਤੇ ਵਧੇਰੇ ਮੁੱਲ ਵਸੂਲਣ ਵਾਲਿਆਂ ‘ਤੇ ਕਾਰਵਾਈ ਕਰੇਗੀ।
ਟਰੰਪ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਅਮਰੀਕੀ ਨਾਗਰਿਕਾਂ ਦੇ ਦੁੱਖ ਦੀ ਵਰਤੋਂ ਉਨ੍ਹਾਂ ਦੇ ਲਾਭ ਨਹੀਂ ਕਰਨ ਦੇਵਾਂਗੇ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਨਿਆਂ ਵਿਭਾਗ ਦੁਨੀਆਂ ਭਰ ਵਿਚ 15 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਲੈਣ ਵਾਲੀ ਇਸ ਮਹਾਮਾਰੀ ਨਾਲ ਸਬੰਧਤ ਧੋਖਾਧੜੀ ਦੀਆਂ ਯੋਜਨਾਵਾਂ ‘ਤੇ ਹਮਲਾਵਾਰ ਢੰਗ ਨਾਲ ਮਾਮਲਾ ਚਲਾਏਗਾ। ਨਿਊਯਾਰਕ ਸੂਬੇ ਦਾ ਨਿਊਯਾਰਕ ਸਿਟੀ ਹਾਲ ਕੁਝ ਸਮੇਂ ‘ਚ ਅਮਰੀਕਾ ਵਿਚ ਸਭ ਤੋਂ ਜ਼ਿਆਦਾ ਖਰਾਬ ਜਨਤਕ ਸਿਹਤ ਸੰਕਟ ਕੇਂਦਰ ਵਿਚੋਂ ਇਕ ਬਣ ਗਿਆ ਹੈ। ਇਥੇ ਸੋਮਵਾਰ ਨੂੰ 5,085 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਇਥੇ ਕੁੱਲ ਮਾਮਲੇ ਵਧ ਕੇ 20,875 ਹੋ ਗਏ। ਨਿਊਯਾਰਕ ‘ਚ ਹੁਣ ਤੱਕ 157 ਲੋਕਾਂ ਦੀ ਮੌਤ ਹੋ ਚੁੱਕੀ ਹੈ।


Share