ਕੋਵਿਡ ਦੇ ਦੋਵੇਂ ਟੀਕੇ ਲਗਾ ਚੁੱਕੇ ਕੈਨੇਡਾ ਪਹੁੰਚ ਰਹੇ ਮੁਸਾਫਰਾਂ ਲਈ ਹੋਟਲ ’ਚ ਰੁੱਕਣ ਤੋਂ ਮਿਲੇਗੀ ਛੋਟ

404
ਟੋਰਾਂਟੋ, 13 ਜੂਨ (ਪੰਜਾਬ ਮੇਲ)- ਕੈਨੇਡਾ ਸਰਕਾਰ ਵਲੋਂ ਐਲਾਨ ਕੀਤਾ ਗਿਆ ਕਿ ਦੇਸ਼ ’ਚ ਵਿਦੇਸ਼ਾਂ ਤੋਂ ਪਹੁੰਚ ਰਹੇ ਮੁਸਾਫਿਰਾਂ ਨੂੰ 3 ਦਿਨ ਹੋਟਲ ’ਚ ਰੁਕਣ ਤੋਂ ਛੋਟ ਦਿੱਤੀ ਜਾਵੇਗੀ। ਸਰਕਾਰੀ ਮਾਮਲਿਆਂ ਦੇ ਮੰਤਰੀ ਡੁਮੀਨਿਕ ਲੇਬਲਾਂਕ ਨੇ ਦੱਸਿਆ ਕਿ ਕੈਨੇਡਾ ਦੇ ਉਹ ਨਾਗਰਿਕ, ਪੀ.ਆਰ. ਤੇ ਕੈਨੇਡਾ ’ਚ ਦਾਖਲ ਹੋਣ ਦੀ ਇਜਾਜ਼ਤ ਵਾਲੇ ਮੁਸਾਫਿਰ ਜਿਨ੍ਹਾਂ ਨੂੰ ਕੋਵਿਡ ਵੈਕਸੀਨ ਦੇ ਦੋਵੇਂ ਟੀਕੇ ਲੱਗ ਚੁੱਕੇ ਹੋਣਗੇ, ਉਨ੍ਹਾਂ ਨੂੰ ਅਗਲੇ ਮਹੀਨੇ ਦੇ ਸ਼ੁਰੂ ਤੋਂ ਇਹ ਸਹੂਲਤ ਮਿਲਣੀ ਸ਼ੁਰੂ ਹੋ ਜਾਵੇਗੀ। ਸਿਹਤ ਮੰਤਰੀ ਪੈਟੀ ਹਾਦਜੂ ਨੇ ਆਖਿਆ ਇਹ ਛੋਟ ਉਹੀ ਲੋਕ ਪ੍ਰਾਪਤ ਕਰ ਸਕਣਗੇ ਜਿਨ੍ਹਾਂ ਨੇ ਵੈਕਸੀਨ ਦੀ ਦੂਸਰੀ ਖੁਰਾਕ ਉਡਾਣ ਤੋਂ ਘੱਟੋ=ਘੱਟ 14 ਦਿਨ ਪਹਿਲਾਂ ਲਗਵਾਈ ਹੋਵੇਗੀ। ਪਰ ਕੈਨੇਡਾ ਜਾਣ ਵਾਲੇ ਜਹਾਜ਼ ਵਿਚ ਬੈਠਣ ਤੋਂ ਪਹਿਲਾਂ ਕੋਵਿਡ ਟੈਸਟ ਕਰਾਉਣਾ ਅਤੇ ਕੈਨੇਡੀਅਨ ਹਵਾਈ ਅੱਡੇ ਅੰਦਰ ਪੁੱਜ ਕੇ ਟੈਸਟ ਕਰਾਉਣਾ ਲਾਜ਼ਮੀ ਰਹੇਗਾ। ਇਸ ਦੇ ਨਾਲ ਹੀ 21 ਜੂਨ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਵਿਚਕਾਰ ਵੀ ਸਰਹੱਦ ਪੜਾਅਵਾਰ ਖੁੱਲ੍ਹਣ ਦੀ ਸੰਭਾਵਨਾ ਬਣੀ ਹੋਈ ਹੈ।