ਕੋਵਿਡ ਦੀ ਮੌਜੂਦਾ ਲਹਿਰ ‘ਚ ਚੀਨ ਦੀ 80 ਫ਼ੀਸਦੀ ਅਬਾਦੀ ਨੂੰ ਹੋ ਚੁੱਕਿਐ ਕਰੋਨਾ

11

ਪੇਈਚਿੰਗ, 24 ਜਨਵਰੀ (ਪੰਜਾਬ ਮੇਲ)- ਚੀਨ ਦੇ 10 ‘ਚੋਂ 8 ਵਿਅਕਤੀਆਂ ਨੂੰ ਕੋਵਿਡ-19 ਹੋ ਚੁੱਕਿਆ ਹੈ। ਇਸ ਦਾ ਦਾਅਵਾ ਚੀਨ ਦੇ ਰੋਗ ਰੋਕੂ ਸੈਂਟਰ ਦੇ ਮੁਖੀ ਵੂ ਜ਼ੁਨਯੂ ਨੇ ਕਰਦਿਆਂ ਕਿਹਾ ਕਿ ਮਹਾਮਾਰੀ ਦੀ ਮੌਜੂਦਾ ਲਹਿਰ ‘ਚ ਪਹਿਲਾਂ ਹੀ ਕਰੀਬ 80 ਫ਼ੀਸਦੀ ਵਿਅਕਤੀ ਪੀੜਤ ਹੋ ਚੁੱਕੇ ਹਨ। ਇਕ ਰਿਪੋਰਟ ਮੁਤਾਬਕ ਮੁਲਕ ਦੀ ਆਬਾਦੀ 1.4 ਅਰਬ ਹੈ। ਉਨ੍ਹਾਂ ਇਹ ਦਾਅਵਾ ਉਸ ਸਮੇਂ ਕੀਤਾ ਹੈ, ਜਦੋਂ ਦੇਸ਼ ‘ਚ ਲੋਕਾਂ ਦੀ ਆਮਦ ਵਧਣ ਵਾਲੀ ਹੈ, ਜਿਸ ਕਾਰਨ ਕਈ ਇਲਾਕਿਆਂ ‘ਚ ਲਾਗ ਫੈਲਣ ਦਾ ਖ਼ਤਰਾ ਹੈ ਅਤੇ ਮਹਾਮਾਰੀ ਦੀ ਦੂਜੀ ਲਹਿਰ ਆ ਸਕਦੀ ਹੈ। ਵੂ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਦੂਜੀ ਲਹਿਰ ਆਉਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਹੈ ਕਿਉਂਕਿ ਪਹਿਲਾਂ ਹੀ ਵੱਡੀ ਗਿਣਤੀ ‘ਚ ਲੋਕ ਕਰੋਨਾ ਤੋਂ ਪੀੜਤ ਹੋ ਚੁੱਕੇ ਹਨ। ਪੀਕਿੰਗ ਯੂਨੀਵਰਿਸਟੀ ਦੀ ਖੋਜ ‘ਚ ਇਹ ਵੀ ਦੱਸਿਆ ਗਿਆ ਸੀ ਕਿ ਮਹਾਮਾਰੀ ਦਾ ਸਿਖਰ 20 ਦਸੰਬਰ ਤੱਕ ਆ ਗਿਆ ਸੀ ਅਤੇ ਇਸ ਦੇ 13 ਦਿਨਾਂ ਮਗਰੋਂ ਚੀਨ ਨੇ ਕੋਵਿਡ ਪਾਬੰਦੀਆਂ ਹਟਾਉਣਾ ਸ਼ੁਰੂ ਕੀਤਾ ਸੀ। ਚੀਨ ਦੇ ਸਿਹਤ ਅਧਿਕਾਰੀਆਂ ਨੇ ਵੀ ਇਸੇ ਗੱਲ ਦੀ ਤਸਦੀਕ ਕਰਦਿਆਂ ਕਿਹਾ ਹੈ ਕਿ ਹਸਪਤਾਲਾਂ ‘ਚ ਬੁਖਾਰ ਅਤੇ ਕੋਵਿਡ ਕਾਰਨ ਦਾਖ਼ਲੇ ਘੱਟ ਗਏ ਹਨ। ਇਕ ਰਿਪੋਰਟ ਮੁਤਾਬਕ 8 ਦਸੰਬਰ ਤੋਂ 12 ਜਨਵਰੀ ਦੇ ਦਰਮਿਆਨ ਕਰੀਬ 60 ਹਜ਼ਾਰ ਲੋਕ ਕੋਵਿਡ ਕਾਰਨ ਮਾਰੇ ਗਏ ਹਨ।