ਕੋਵਿਡ ਖਤਮ ਕਰਨ ਵਾਲੀ ਭਾਰਤ ਦੀ ਧਾਰਨਾ ਗਲਤ ਸੀ : ਡਾ. ਐਂਥਨੀ ਫੌਚੀ

112
Share

ਵਾਸ਼ਿੰਗਟਨ, 13 ਮਈ (ਪੰਜਾਬ ਮੇਲ)- ਅਮਰੀਕਾ ਦੇ ਚੋਟੀ ਦੇ ਲਾਗ਼ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਐਂਥਨੀ ਫੌਚੀ ਦਾ ਕਹਿਣਾ ਹੈ ਕਿ ਭਾਰਤ ਦੀ ‘ਉਹ ਧਾਰਨਾ ਗਲਤ ਸੀ’, ਜਿਸ ਵਿਚ ਉਨ੍ਹਾਂ ਇਹ ਮੰਨ ਲਿਆ ਕੇ ਕੋਵਿਡ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਖ਼ਤਰਾ ਟਲਣ ਤੋਂ ਪਹਿਲਾਂ ਹੀ ਕਾਫ਼ੀ ਕੁੱਝ ਖੋਲ੍ਹ ਦਿੱਤਾ, ਜਿਸ ਨੇ ਮੁਲਕ ਨੂੰ ‘ਗੰਭੀਰ ਸੰਕਟ’ ’ਚ ਫਸਾ ਦਿੱਤਾ। ਸੈਨੇਟਰਾਂ ਨੂੰ ਜਾਣਕਾਰੀ ਦਿੰਦਿਆਂ ਡਾ. ਫੌਚੀ ਨੇ ਕਿਹਾ ਕਿ ਭਾਰਤ ਵਿਚ ਪਹਿਲਾਂ ਪਿਛਲੇ ਸਾਲ ਕਰੋਨਾ ਨੇ ਸਿਰ ਚੁੱਕਿਆ ਸੀ ਤੇ ਮਗਰੋਂ ਇਹ ਮੱਠਾ ਪੈ ਗਿਆ। ਇਸ ’ਤੇ ਭਾਰਤ ਦੀ ਧਾਰਨਾ ਇਹ ਸੀ ਕਿ ਮਹਾਮਾਰੀ ਉਤੇ ਕਾਬੂ ਪਾ ਲਿਆ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਮੁਲਕ ਨੂੰ ਲੌਕਡਾਊਨ ਤੋਂ ਕੱਢ ਦਿੱਤਾ। ਇਸ ਦੇ ਨਾਲ ਹੀ ਵਾਇਰਸ ਦਾ ਸਭ ਤੋਂ ਖ਼ਤਰਨਾਕ ਰੂਪ ’ਚ ਉੱਭਰ ਕੇ ਸਾਹਮਣੇ ਆ ਗਿਆ, ਜੋ ਕਿ ਹੁਣ ਦੂਜੀ ਲਹਿਰ ਦੇ ਰੂਪ ਵਿਚ ਜਾਰੀ ਹੈ। ਜ਼ਿਕਰਯੋਗ ਹੈ ਕਿ ਡਾ. ਐਂਥਨੀ ਰਾਸ਼ਟਰਪਤੀ ਜੋਅ ਬਾਇਡਨ ਦੇ ਮੁੱਖ ਮੈਡੀਕਲ ਸਲਾਹਕਾਰ ਵੀ ਹਨ। ਇਸੇ ਦੌਰਾਨ ਸੈਨੇਟਰ ਪੈਟੀ ਮੱਰੇ ਨੇ ਕਿਹਾ ਕਿ ਭਾਰਤ ’ਚ ਕੋਵਿਡ-19 ਦਾ ਉਭਾਰ ਦਰਦਨਾਕ ਹੈ ਤੇ ਨਾਲ ਹੀ ਯਾਦ ਦਿਵਾਉਂਦਾ ਹੈ ਕਿ ਅਮਰੀਕਾ ਵੀ ਉਦੋਂ ਤੱਕ ਮਹਾਮਾਰੀ ਨੂੰ ਖ਼ਤਮ ਨਹੀਂ ਕਰ ਸਕਦਾ, ਜਦ ਤੱਕ ਇਹ ਪੂਰੀ ਦੁਨੀਆਂ ਵਿਚ ਖ਼ਤਮ ਨਹੀਂ ਹੋ ਜਾਂਦੀ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਖ਼ੁਸ਼ੀ ਹੈ ਕਿ ਬਾਇਡਨ ਪ੍ਰਸ਼ਾਸਨ ਵਿਸ਼ਵ ਸਿਹਤ ਸੰਗਠਨ ਦਾ ਮੁੜ ਹਿੱਸਾ ਬਣ ਕੇ ਆਲਮੀ ਪੱਧਰ ਉਤੇ ਵੈਕਸੀਨ ਉਤਪਾਦਨ ਲਈ ਯਤਨ ਕਰ ਰਿਹਾ ਹੈ। ਅਮਰੀਕਾ ਨੇ ਚਾਰ ਜੁਲਾਈ ਤੱਕ ਹੋਰਨਾਂ ਮੁਲਕਾਂ ਨੂੰ 6 ਕਰੋੜ ਵੈਕਸੀਨ ਦੇਣ ਦਾ ਐਲਾਨ ਵੀ ਕੀਤਾ ਹੈ।

Share