ਕੋਵਿਡ ਕੇਸਾਂ ਦਾ ਅੰਕੜਾ ਅਤੇ ਮੌਤ ਦਰ ਦੀ ਵੰਗਾਰ ਨੂੰ ਦੇਖਦੇ ਹੋਏ ਪੰਜਾਬ ਅਤੇ ਚੰਡੀਗੜ੍ਹ ’ਚ ਕੇਂਦਰੀ ਟੀਮਾਂ ਭੇਜਣ ਦਾ ਫੈਸਲਾ

507
Share

ਚੰਡੀਗੜ੍ਹ, 7 ਅਗਸਤ (ਪੰਜਾਬ ਮੇਲ)- ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ’ਚ ਕੋਵਿਡ ਕੇਸਾਂ ਦਾ ਅੰਕੜਾ ਅਤੇ ਮੌਤ ਦਰ ਦੀ ਵੰਗਾਰ ਨੂੰ ਦੇਖਦੇ ਹੋਏ ਕੇਂਦਰੀ ਟੀਮਾਂ ਭੇਜਣ ਦਾ ਫੈਸਲਾ ਕੀਤਾ ਹੈ। ਭਲਕੇ ਕੇਂਦਰੀ ਟੀਮਾਂ ਪੰਜਾਬ ਤੇ ਚੰਡੀਗੜ੍ਹ ਪੁੱਜ ਰਹੀਆਂ ਹਨ ਜੋ ਅਗਲੇ ਦਸ ਦਿਨ ਤੱਕ ਕੋਵਿਡ ਦੀ ਚੁਣੌਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਮਾਰਗ ਦਰਸ਼ਨ ਕਰਨਗੀਆਂ। ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਨੂੰ ਖ਼ਦਸ਼ਾ ਹੈ ਕਿ ਪੰਜਾਬ ਤੇ ਚੰਡੀਗੜ੍ਹ ਵਿਚ ਕੋਵਿਡ ਕੇਸਾਂ ਦੀ ਮੌਜੂਦਾ ਰਫ਼ਤਾਰ ਤੇ ਮੌਤਾਂ ਦੀ ਗਿਣਤੀ ਨੂੰ ਦੇਖਦੇ ਹੋਏ ਸਥਿਤੀ ਵਿਗੜ ਸਕਦੀ ਹੈ ਜਿਸ ਦੇ ਮੱਦੇਨਜ਼ਰ ਕੇਂਦਰੀ ਟੀਮਾਂ ਦੀ ਤਾਇਨਾਤੀ ਦਾ ਫ਼ੈਸਲਾ ਕੀਤਾ ਗਿਆ ਹੈ। ਕੇਂਦਰੀ ਟੀਮਾਂ ਕੋਵਿਡ-19 ਕਾਰਨ ਮੌਤ ਦਰ ਘਟਾਉਣ ਅਤੇ ਜਾਨਾਂ ਬਚਾਉਣ ਲਈ ਕੁਸ਼ਲ ਪ੍ਰਬੰਧ, ਕੰਟੇਨਮੈਂਟ ਅਤੇ ਨਿਗਰਾਨੀ ਲਈ ਚੁੱਕੇ ਜਾ ਰਹੇ ਕਦਮਾਂ ਦੀ ਸਮੀਖਿਆ ਵਿਚ ਰਾਜ ਸਰਕਾਰ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਦੀ ਮਦਦ ਕਰਨਗੀਆਂ। ਕੇਂਦਰੀ ਟੀਮ ਵਿਚ ਪੀ.ਜੀ.ਆਈ ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਮਾਹਿਰ ਅਤੇ ਐੱਨਸੀਡੀਸੀ ਦਾ ਇੱਕ ਮਹਾਮਾਰੀ ਰੋਗ ਮਾਹਿਰ ਸ਼ਾਮਿਲ ਕੀਤੇ ਗਏ ਹਨ।

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਕੋਵਿਡ ਮਹਾਮਾਰੀ ਦੌਰਾਨ ਬਹੁ-ਖੇਤਰੀ ਟੀਮਾਂ ਭੇਜ ਕੇ ਉਨ੍ਹਾਂ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੀ ਮਦਦ ਕਰ ਰਿਹਾ ਹੈ ਜਿੱਥੇ ਕੋਵਿਡ ਕੇਸਾਂ ਦੀ ਗਿਣਤੀ ਵਿਚ ਇਕਦਮ ਵਾਧਾ ਹੋਇਆ ਹੈ ਅਤੇ ਮੌਤ ਦਰ ਉੱਚੀ ਹੈ। ਦੂਸਰੇ ਸੂਬਿਆਂ ਵਿਚ ਵੀ ਕੇਂਦਰੀ ਟੀਮਾਂ ਵੱਲੋਂ ਦੌਰੇ ਕੀਤੇ ਗਏ ਹਨ। ਕੇਂਦਰੀ ਟੀਮ ਵੱਲੋਂ ਪੰਜਾਬ ਤੇ ਚੰਡੀਗੜ੍ਹ ਵਿਚ ਬੀਮਾਰੀ ਦਾ ਸਮੇਂ ਸਿਰ ਪਤਾ ਲਗਾਉਣ ਲਈ ਮਾਹਿਰਾਂ ਦੀ ਰਾਇ ਦਿੱਤੀ ਜਾਵੇਗੀ। ਕੇਂਦਰੀ ਟੀਮ ਵੱਲੋਂ ਵੱਧ ਮੌਤਾਂ ਵਾਲੇ ਜ਼ਿਲ੍ਹਿਆਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ। ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਆਖਿਆ ਹੈ ਕਿ ਉਹ ਕੋਵਿਡ ਬਿਮਾਰੀ ਦੀ ਸੰਚਾਰ ਲੜੀ ਨੂੰ ਤੋੜਨ ਅਤੇ ਮੌਤ ਦਰ ਨੂੰ ਘਟਾਉਣ ਲਈ ਵਿਆਪਕ ਤੌਰ ਤੇ ਵਧੇਰੇ ਸਰਗਰਮ ਤੇ ਅਜਿਹੇ ਉਪਰਾਲੇ ਕਰਨ ਜਿਨ੍ਹਾਂ ਨਾਲ ਮੌਤ ਦਰ ਇੱਕ ਫੀਸਦੀ ਤੋਂ ਥੱਲੇ ਲਿਆਂਦੀ ਜਾ ਸਕੇ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਭਲਕੇ ਕੇਂਦਰੀ ਟੀਮ ਸਵੇਰੇ ਪਹਿਲਾਂ ਮਹਿਕਮੇ ਨਾਲ ਮੀਟਿੰਗ ਕਰੇਗੀ। ਦੂਸਰੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਭਲਕੇ ਕੋਵਿਡ ਸਮੀਖਿਆ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਸਿਹਤ ਮਾਹਿਰ ਵੀ ਸ਼ਾਮਿਲ ਹੋਣਗੇ। ਦੱਸਣਯੋਗ ਹੈ ਕਿ ਪੰਜਾਬ ਵਿਚ ਕੋਵਿਡ ਦੀ ਸਥਿਤੀ ਪਹਿਲਾਂ ਨਾਲੋਂ ਵਿਗੜ ਗਈ ਹੈ ਅਤੇ ਪੇਂਡੂ ਲੋਕਾਂ ਵੱਲੋਂ ਸਿਹਤ ਮਹਿਕਮੇ ਦੀਆਂ ਟੀਮਾਂ ਨੂੰ ਸਹਿਯੋਗ ਕਰਨ ਤੋਂ ਪਾਸਾ ਵੱਟਿਆ ਜਾ ਰਿਹਾ ਹੈ ਜਿਸ ਦੇ ਟਾਕਰੇ ਲਈ ਸੂਬਾ ਸਰਕਾਰ ਨੇ ਵੀ ਸਰਗਰਮ ਮੁਹਿੰਮ ਵਿੱਢੀ ਹੋਈ ਹੈ।


Share