ਸੈਕਰਾਮੈਂਟੋ, 6 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੋਵਿਡ-19 ਦੇ ਮਾਮਲੇ ਵਧਣ ਕਾਰਨ ਅਮਰੀਕਾ ਦੇ 35 ਰਾਜਾਂ ਵਿਚ ਘੱਟੋ-ਘੱਟ 1000 ਸਕੂਲ ਮੁੜ ਬੰਦ ਕਰਨੇ ਪਏ ਹਨ। ਨਿਊਯਾਰਕ ਦੀ ਅੰਕੜਾ ਸਰਵਿਸ ਬਰਬੀਓ ਨੇ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਦੇ ਟਰੈਕਰ ਉਪਰ ਸੂਚੀਬੱਧ ਸਕੂਲਾਂ ਵਿਚੋਂ ਕਈਆਂ ਨੂੰ ਇਕ ਦਿਨ ਤੋਂ ਲੈ ਕੇ ਕਈ ਹਫਤਿਆਂ ਲਈ ਬੰਦ ਕੀਤਾ ਗਿਆ ਹੈ। ਜ਼ਿਆਦਾਤਰ ਸਕੂਲ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ ਤੇ ਕਈ ਸਕੂਲ ਬਿਨਾਂ ਕੋਈ ਸੂਚਨਾ ਦਿੱਤੇ ਆਰਜੀ ਤੌਰ ’ਤੇ ਬੰਦ ਕਰ ਦਿੱਤੇ ਗਏ ਹਨ। ਬਹੁਤੀ ਥੋੜੀ ਗਿਣਤੀ ਉਨ੍ਹਾਂ ਸਕੂਲਾਂ ਦੀ ਹੈ, ਜੋ ਇਸ ਸਾਲ ਖੋਲ੍ਹੇ ਹੀ ਨਹੀਂ ਹਨ। ਸਕੂਲਾਂ ਦੇ ਮੁੜ ਬੰਦ ਹੋਣ ਦੀ ਖਬਰ ਵਧ ਰਹੇ ਕੋਵਿਡ-19 ਮਾਮਲਿਆਂ ਕਾਰਨ ਸਕੂਲਾਂ ’ਚ ਮਾਸਕ ਜ਼ਰੂਰੀ ਪਹਿਣਨ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਆਈ ਹੈ। ਕਈ ਰਾਜਾਂ ’ਚ ਇਹ ਮਾਮਲਾ ਅਦਾਲਤ ’ਚ ਪਹੁੰਚ ਗਿਆ ਹੈ।