ਕੋਵਿਡ ਇਨਫੈਕਸ਼ਨ ਦੀ ਤੀਜੀ ਲਹਿਰ ਕਾਰਨ ਟੋਰਾਂਟੋ ਦੇ ਸਕੂਲ ਫਿਰ ਬੰਦ

148
Share

ਟੋਰਾਂਟੋ, 8 ਅਪ੍ਰੈਲ (ਪੰਜਾਬ ਮੇਲ)-ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਵਿਚ ਇਨਫੈਕਸ਼ਨ ਦੀ ਤੀਜੀ ਲਹਿਰ ਦੌਰਾਨ ਮਰੀਜ਼ਾਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਬੁੱਧਵਾਰ ਤੋਂ ਸਕੂਲਾਂ ਨੂੰ ਫਿਰ ਬੰਦ ਕਰ ਦਿੱਤਾ ਗਿਆ ਹੈ। ਹੁਣ ਬੱਚੇ ਆਨਲਾਈਨ ਹੀ ਪੜ੍ਹਾਈ ਕਰਨਗੇ। ਟੋਰਾਂਟੋ ਦੇ ਮੈਡੀਕਲ ਅਧਿਕਾਰੀ ਡਾਕਟਰ ਐਲੀਨ ਡੇ ਚਿਲਾ ਨੇ ਕਿਹਾ ਕਿ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ ਦੀ ਲੋੜ ਹੈ। ਉਨ੍ਹਾਂ ਇਕ ਬਿਆਨ ਵਿਚ ਦੱਸਿਆ ਕਿ ਟੋਰਾਂਟੋ ਵਿਚ ਇਨਫੈਕਸ਼ਨ ਦਾ ਪ੍ਰਸਾਰ ਇੰਨਾ ਜ਼ਿਆਦਾ ਕਦੇ ਨਹੀਂ ਹੋਇਆ ਹੈ ਅਤੇ ਵਾਇਰਸ ਦੇ ਨਵੇਂ ਵੈਰੀਐਂਟਾਂ ਨਾਲ ਇਨਫੈਕਸ਼ਨ ਦਾ ਖਤਰਾ ਅਤੇ ਗੰਭੀਰ ਰੂਪ ਨਾਲ ਬੀਮਾਰ ਪੈਣ ਜਾਂ ਮੌਤ ਦਾ ਵੀ ਖਤਰਾ ਵਧ ਰਿਹਾ ਹੈ।
ਟੋਰਾਂਟੋ ਓਨਟਾਰੀਓ ਸੂਬੇ ਦੇ ਤਹਿਤ ਆਉਂਦਾ ਹੈ ਅਤੇ ਇਸ ਸੂਬੇ ’ਚ ਹਾਲ ਹੀ ਦਿਨਾਂ ਵਿਚ ਰੋਜ਼ਾਨਾ ਮਾਮਲੇ 3000 ਤੋਂ ਵਧੇਰੇ ਸਾਹਮਣੇ ਆਏ। ਇਸੇ ਤਰ੍ਹਾਂ ਦੇ ਕਦਮ ਗੁਆਂਢੀ ਪੀਲ ਰਿਜਨ ਵਿਚ ਵੀ ਚੁੱਕੇ ਗਏ ਹਨ ਅਤੇ ਮਹੀਨੇ ਦੇ ਅਖੀਰ ਵਿਚ ਇਸ ਫ਼ੈਸਲੇ ਦੀ ਸਮੀਖਿਆ ਹੋਵੇਗੀ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਹੁਣ ਤੱਕ ਕੋਰੋਨਾ ਦੇ 1,020,893 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 23,141 ਲੋਕਾਂ ਦੀ ਮੌਤ ਹੋਈ ਹੈ।

Share