ਕੋਲੰਬੀਆ ’ਚ ਲਾਇਲਾਜ ਬਿਮਾਰੀ ਨਾਲ ਪੀੜਤ ਸ਼ਖ਼ਸ ਨੂੰ ਮਿਲੀ ਇੱਛਾ ਮੌਤ

112
Share

ਕੋਲੰਬੀਆ, 8 ਜਨਵਰੀ (ਪੰਜਾਬ ਮੇਲ)-ਇਕ ਦੁਰਲੱਭ, ਦਰਦਨਾਕ ਅਤੇ ਲਾਇਲਾਜ ਬੀਮਾਰੀ ਨਾਲ ਜੂਝ ਰਹੇ ਵਿਕਟਰ ਐਸਕੋਬਾਰ ਨੂੰ ਸ਼ੁੱਕਰਵਾਰ ਨੂੰ ਹਮੇਸ਼ਾ-ਹਮੇਸ਼ਾ ਲਈ ਸਕੂਨ ਦੀ ਨੀਂਦ ਦੇ ਦਿੱਤੀ ਗਈ ਅਤੇ ਉਹ ਕੋਲੰਬੀਆ ਦੇ ਪਹਿਲੇ ਨਾਗਰਿਕ ਬਣ ਗਏ, ਜਿਸ ਨੂੰ ਮੌਤ ਦੇ ਕਰੀਬ ਨਾ ਹੋਣ ਦੇ ਬਾਵਜੂਦ ਵੀ ਇੱਛਾ ਮੌਤ ਦੇ ਦਿੱਤੀ ਗਈ। ਐਸਕੋਬਾਰ ਨੇ ਇਸ ਹਫ਼ਤੇ ਕਿਹਾ ਸੀ, ‘ਮੈਂ ਬਹੁਤ ਸ਼ਾਂਤੀ ਮਹਿਸੂਸ ਕਰਦਾ ਹਾਂ। ਮੇਰੇ ਨਾਲ ਜੋ ਹੋਣ ਵਾਲਾ ਹੈ, ਮੈਨੂੰ ਉਸ ਤੋਂ ਡਰ ਨਹੀਂ ਲੱਗਦਾ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਪਹਿਲਾਂ ਮੈਨੂੰ ਹੌਲੀ-ਹੌਲੀ ਬੇਹੋਸ਼ ਕੀਤਾ ਜਾਏਗਾ, ਇਸ ਲਈ ਮੇਰੇ ਕੋਲ ਅਲਵਿਦਾ ਕਹਿਣਾ ਦਾ ਸਮਾਂ ਹੈ। ਉਸ ਦੇ ਬਾਅਦ ਇੱਛਾ ਮੌਤ ਦਾ ਇੰਜੈਕਸ਼ਨ ਦਿੱਤਾ ਜਾਏਗਾ, ਜੋ ਦਰਦ ਰਹਿਤ ਹੋਵੇਗਾ-ਇਕ ਬਹੁਤ ਸ਼ਾਂਤੀਪੂਰਨ ਮੌਤ। ਮੈਨੂੰ ਭਗਵਾਨ ’ਤੇ ਭਰੋਸਾ ਹੈ ਕਿ ਸਭ ਕੁੱਝ ਇਸ ਤਰ੍ਹਾਂ ਹੋਵੇਗਾ।’
ਉਨ੍ਹਾਂ ਦੇ ਵਕੀਲ ਲੁਈਸ ਗਿਰਾਲਡੋ ਨੇ ਸ਼ੁੱਕਰਵਾਰ ਸ਼ਾਮ ਨੂੰ ਦੱਸਿਆ ਕਿ ਪ੍ਰਕਿਰਿਆ ਪੂਰੀ ਹੋ ਗਈ ਹੈ ਅਤੇ ਐਸਕੋਬਾਰ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੀ ਇਕ ਅਦਾਲਤ ਨੇ ਜੁਲਾਈ ’ਚ ਫ਼ੈਸਲਾ ਦਿੰਦੇ ਹੋਏ ਇੱਛਾ ਮੌਤ ਦੇ ਨਿਯਮਾਂ ਵਿਚ ਬਦਲਾਅ ਕੀਤਾ ਸੀ ਅਤੇ ਉਨ੍ਹਾਂ ਲੋਕਾਂ ਲਈ ਵੀ ਇੱਛਾ ਮੌਤ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ, ਜੋ ਇਕ ਗੰਭੀਰ ਅਤੇ ਲਾਇਲਾਜ ਬੀਮਾਰੀ ਕਾਰਨ ਸਰੀਰਕ ਅਤੇ ਮਾਨਸਿਕ ਦਰਦ ਝੱਲ ਰਹੇ ਹਨ, ਭਾਵੇਂ ਉਨ੍ਹਾਂ ਦੀ ਮੌਤ ਕਰੀਬ ਨਾ ਹੋਵੇ। ਹਾਲਾਂਕਿ ਕੈਥੋਲਿਕ ਚਰਚ ਇਸ ਫ਼ੈਸਲੇ ਦੇ ਵਿਰੋਧ ਵਿਚ ਹੈ। ਕੈਲੀ ਵਿਚ ਆਪਣੇ ਅਪਾਰਟਮੈਂਟ ਵਿਚ ਐਸਕੋਬਾਰ ਨੇ ਵੀਰਵਾਰ ਨੂੰ ਕਿਹਾ ਸੀ, ‘ਇਕ ਦਰਵਾਜ਼ਾ ਖੁੱਲ੍ਹ ਗਿਆ ਹੈ, ਤਾਂ ਕਿ ਮੇਰੇ ਵਰਗੇ ਮਰੀਜ਼ ਨੂੰ ਸਨਮਾਨਜਨਕ ਢੰਗ ਨਾਲ ਮਰਨ ਦਾ ਮੌਕਾ ਮਿਲੇ।’
ਮਾਰਫਿਨ ਵਰਗੀ ਦਵਾਈ ਵੀ ਉਨ੍ਹਾਂ ਦੇ ਦਰਦ ਨੂੰ ਘੱਟ ਨਹੀਂ ਕਰ ਪਾ ਰਹੀ ਸੀ ਅਤੇ ਉਨ੍ਹਾਂ ਨੇ ਦੱਸਿਆ ਕਿ ਹੋਰ ਦਵਾਈਆਂ ਵੀ ਉਨ੍ਹਾਂ ਦੇ ਸਰੀਰ ’ਤੇ ਅਸਰ ਨਹੀਂ ਕਰ ਪਾ ਰਹੀਆਂ ਸਨ। ਉਹ 2008 ਤੋਂ ਬੀਮਾਰ ਸਨ, ਜਦੋਂ 2 ਸਟਰੋਕ ਆਉਣ ਕਾਰਨ ਉਨ੍ਹਾਂ ਦੇ ਅੱਧੇ ਸਰੀਰ ਨੂੰ ਲਕਵਾ ਮਾਰ ਗਿਆ। ਹਾਲਾਂਕਿ ਬਾਅਦ ਵਿਚ ਕੁੱਝ ਅੰਗਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਨੂੰ ਸਾਹ ਲੈਣ ਵਿਚ ਰੁਕਾਵਟ ਪੈਦਾ ਕਰਨ ਵਾਲੀ ਫੇਫੜਿਆਂ ਦੀ ਬੀਮਾਰੀ, ਹਾਈਪਰਟੈਂਸ਼ਨ, ਸ਼ੂਗਰ, ਗੰਭੀਰ ਗਠੀਏ ਵਰਗੇ ਰੋਗਾਂ ਨੇ ਜਕੜ ਲਿਆ ਅਤੇ ਇਕ ਦੁਰਲੱਭ ਬੀਮਾਰੀ ਵੀ ਹੋ ਗਈ, ਜਿਸ ਵਿਚ ਪਸਲੀਆਂ ਛਾਤੀ ਦੀ ਉਪਰਲੀ ਹੱਡੀ ਨਾਲ ਜੁੜ ਜਾਂਦੀਆਂ ਹਨ, ਜਿਸ ਨਾਲ ਦਰਦਨਾਕ ਸੋਜ ਹੋ ਜਾਂਦੀ ਹੈ।

Share