ਕੋਲੋਰਾਡੋ ਦੇ ਨੈਸ਼ਨਲ ਪਾਰਕ ‘ਚ ਇਕ ਪਰਬੱਤ ਆਰੋਹੀ ਦੀ ਮੌਤ; ਦੋ ਜ਼ਖਮੀ

127

ਸੈਕਰਾਮੈਂਟੋ, 1 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੋਲੋਰਾਡੋ ਦੇ ਰੌਕੀ ਮਾਉਂਟੇਨ ਨੈਸ਼ਨਲ ਪਾਰਕ ‘ਚ ਮੀਕਰ ਚੋਟੀ ‘ਤੇ ਬਰਫ ਦਾ ਤੋਦਾ ਡਿੱਗਣ ਤੇ ਪਹਾੜੀ ਟੁੱਟਣ ਨਾਲ ਇਕ ਪਰਬੱਤ ਆਰੋਹੀ ਦੀ ਮੌਤ ਹੋ ਗਈ ਤੇ 2 ਹੋਰ ਜ਼ਖਮੀ ਹੋ ਗਏ। ਪਾਰਕ ਦੇ ਅਧਿਕਾਰੀਆਂ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਪਰਬੱਤ ਆਰੋਹੀਆਂ ‘ਚ ਦੋ ਮਰਦ ਤੇ ਇਕ ਔਰਤ ਸ਼ਾਮਲ ਹੈ। ਇਕ ਪਰਬੱਤ ਆਰੋਹੀ ਨੂੰ ਨੈਸ਼ਨਲ ਪਾਰਕ ਦੀ ਬਚਾਅ ਤੇ ਰਾਹਤ ਟੀਮ ਨੇ ਕੋਲੋਰਾਡੋ ਨੈਸ਼ਨਲ ਗਾਰਡ ਦੀ ਮਦਦ ਨਾਲ ਬਚਾ ਲਿਆ, ਜਦਕਿ ਦੂਸਰੇ ਨੂੰ ਬਚਾਇਆ ਨਹੀਂ ਜਾ ਸਕਿਆ। ਉਸ ਦੀ ਲਾਸ਼ ਦਾ ਪਤਾ ਲਾ ਲਿਆ ਗਿਆ ਹੈ ਪਰੰਤੂ ਖਰਾਬ ਮੌਸਮ ਕਾਰਨ ਲਾਸ਼ ਨੂੰ ਕੱਢਿਆ ਨਹੀਂ ਜਾ ਸਕਿਆ। ਔਰਤ ਪਰਬੱਤ ਆਰੋਹੀ ਦੇ ਮਾਮੂਲੀ ਜ਼ਖਮ ਹਨ ਤੇ ਉਸ ਦੇ ਛੇਤੀ ਸਿਹਤਯਾਬ ਹੋਣ ਦੀ ਆਸ ਹੈ।