ਕੋਲੋਰਾਡੋ ਦੇ ਜੰਗਲ ਦੀ ਅੱਗ ‘ਚ ਕਰੀਬ 1 ਹਜ਼ਾਰ ਘਰ ਸੜ ਕੇ ਸੁਆਹ

212
Share

ਵਾਸ਼ਿੰਗਟਨ, 2 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਕੋਲੋਰਾਡੋ ਸੂਬੇ ਵਿੱਚ ਇਕ ਜੰਗਲ ਵਿਚ ਲੱਗੀ ਅੱਗ ਕਾਰਨ ਤਕਰੀਬਨ 1,000 ਘਰ ਅਤੇ ਹੋਰ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ, ਜਿਸ ਕਾਰਨ ਤਿੰਨ ਲੋਕ ਲਾਪਤਾ ਹਨ। ਕੋਲੋਰਾਡੋ ਦੇ ਇਤਿਹਾਸ ਦੀ ਸਭ ਤੋਂ ਵਿਨਾਸ਼ਕਾਰੀ ਜੰਗਲੀ ਅੱਗ ਨੂੰ ਰਾਤੋ-ਰਾਤ ਬਰਫ਼ਬਾਰੀ ਨੇ ਬੁਝਾ ਦਿੱਤਾ।ਬੋਲਡਰ ਕਾਉਂਟੀ ਦੇ ਸ਼ੈਰਿਫ (ਕਾਊਂਟੀ ਵਿਚ ਕਾਨੂੰਨੀ ਮਾਮਲਿਆਂ ਦੇ ਅਧਿਕਾਰੀ) ਜੋ ਪੇਲੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਜਾਂਚ ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਵੀਰਵਾਰ ਤੋਂ ਭੜਕੀ ਅੱਗ ਕਾਰਨ ਡੇਨਵਰ ਅਤੇ ਬੋਲਡਰ ਸ਼ਹਿਰਾਂ ਦੇ ਵਿਚਕਾਰਲੇ ਖੇਤਰਾਂ ਵਿੱਚ ਧੂੰਆਂ ਭਰ ਗਿਆ ਅਤੇ ਆਸਮਾਨ ਵਿੱਚ ਅੱਗ ਦੀਆਂ ਲਪਟਾਂ ਉੱਠਦੀਆਂ ਵੇਖੀਆਂ ਜਾ ਸਕਦੀਆਂ ਹਨ। ਕਾਉਂਟੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਅੱਗ ਡਾਊਨਟਾਊਨ ਸੁਪੀਰੀਅਰ ਤੋਂ ਲਗਭਗ 3.2 ਕਿਲੋਮੀਟਰ ਪੱਛਮ ਵਿੱਚ ਘਾਹ ਵਾਲੇ ਖੇਤਰ ਤੋਂ ਤਾਂ ਨਹੀਂ ਫੈਲੀ ਸੀ। ਨੇੜਲੇ ਇਲਾਕਿਆਂ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਪਹਿਲਾਂ ਦੱਸਿਆ ਸੀ ਕਿ ਸ਼ੁੱਕਰਵਾਰ ਤੱਕ 500 ਤੋਂ ਵੱਧ ਘਰ ਅੱਗ ਨਾਲ ਪੂਰੀ ਤਰ੍ਹਾਂ ਨੁਕਸਾਨੇ ਗਏ ਸਨ। ਅੱਗ ਦੀ ਤੀਬਰਤਾ ਨੂੰ ਦੇਖਦੇ ਹੋਏ ਇਲਾਕੇ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ।


Share