ਕੋਲੋਰਾਡੋ “ਚ ਪਾਈਪਾਂ ਦੀ ਭੰਨਤੋੜ ਤੋਂ ਬਾਅਦ ਗੈਸ ਸੇਵਾ ਹੋਈ ਬੰਦ

436
Share

ਫਰਿਜ਼ਨੋ (ਕੈਲੀਫੋਰਨੀਆਂ), 31 ਦਸੰਬਰ, ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਕੋਲੋਰਾਡੋ ਦੇ ਏਸਪਨ ਵਾਸੀਆਂ ਨੂੰ ਹੀਟ ਦੇ ਬਿਨਾਂ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕੁੱਝ ਅਨਸਰਾਂ ਵੱਲੋਂ ਖੇਤਰ ਦੀਆਂ ਗੈਸ ਸੇਵਾ ਲਾਈਨਾਂ ਦੀ ਭੰਨਤੋੜ ਕਰ ਦਿੱਤੀ ਗਈ ਹੈ।ਇਸ ਮਾਮਲੇ ਸੰਬੰਧੀ ਪੁਲਿਸ ਅਨੁਸਾਰ ਇਹ ਭੰਨਤੋੜ ਦਾ ਹਮਲਾ ਜਾਣ ਬੁੱਝ ਕੇ ਕੀਤਾ ਜਾਪਦਾ ਹੈ ਅਤੇ ਇਸਦੀ ਜਾਂਚ ਵਿੱਚ ਐਫ ਬੀ ਆਈ ਵੀ ਸ਼ਾਮਲ ਹੋ ਗਈ ਹੈ।ਗੈਸ ਕੰਪਨੀ ਦੇ ਕਾਮੇ ਗੈਸ ਸੇਵਾ ਨੂੰ ਬਹਾਲ ਕਰਨ ਲਈ ਕੰਮ ਕਰ ਰਹੇ ਹਨ ਜਦਕਿ ਸਥਾਨਕ ਅਧਿਕਾਰੀਆਂ ਦੁਆਰਾ ਮੰਗਲਵਾਰ ਨੂੰ ਅੰਦਰੂਨੀ ਹੀਟ ਸਿਸਟਮ ਦੇ ਬਿਨਾਂ ਠੰਢ ਦਾ ਸਾਹਮਣਾ ਕਰ ਰਹੇ ਵਸਨੀਕਾਂ ਨੂੰ ਇਲੈਕਟ੍ਰਿਕ ਸਪੇਸ ਹੀਟਰ ਮੁਹੱਈਆ ਕਰਵਾਏ ਗਏ ਹਨ, ਕਿਉਂਕਿ ਇਸ ਹਫਤੇ ਰੌਕੀ ਪਹਾੜੀ ਖੇਤਰ ਵਿੱਚ 8 ਇੰਚ ਤੱਕ ਬਰਫ ਪੈਣ ਦੀ ਵੀ ਸੰਭਾਵਨਾ ਹੈ। ਏਸਪਨ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਬਰਦਸਤ ਭੰਨਤੋੜ ਦੀ ਇਹ ਕਾਰਵਾਈ ਸ਼ਨੀਵਾਰ ਰਾਤ ਨੂੰ  ਬਲੈਕ ਹਿਲਜ਼ ਐਨਰਜੀ ਗੈਸ ਲਾਈਨ ਦੀਆਂ ਤਿੰਨ ਸਾਈਟਾਂ ,ਜਿਹਨਾਂ ਵਿੱਚ ਇੱਕ ਏਸਪਨ ਅਤੇ ਦੋ ਪਿਟਕਿਨ ਕਾਉਂਟੀ ਵਿੱਚ ਹਨ, ਤੇ ਕੀਤੀ ਗਈ ਹੈ।ਪੁਲਿਸ ਅਨੁਸਾਰ ਗੈਸ ਲਾਈਨ ਦੀ ਭੰਨਤੋੜ ਕੀਤੀ ਗਈ ਇੱਕ ਜਗ੍ਹਾ ਤੇ “ਅਰਥ ਫਸਟ” ਦੇ ਸ਼ਬਦ ਲਿਖੇ ਹੋਏ ਪਾਏ ਗਏ ਹਨ, ਜਿਸ ਤੋਂ ਜਾਂਚਕਰਤਾ ਅਨੁਮਾਨ ਲਗਾ ਰਹੇ ਹਨ ਕਿ ਇਸ ਕਾਰਵਾਈ ਵਿੱਚ ਇਸ ਨਾਮ ਦੇ “ਰੈਡੀਕਲ ਵਾਤਾਵਰਣ ਸਮੂਹ” ਦਾ ਹੱਥ ਹੋ ਸਕਦਾ ਹੈ।ਅਧਿਕਾਰੀਆਂ ਨੂੰ ਭੰਨਤੋੜ ਵਾਲਿਆਂ ਥਾਵਾਂ ਤੋਂ ਬਰਫ਼ ਵਿੱਚ ਪੈਰ ਦੇ ਨਿਸ਼ਾਨ ਮਿਲੇ ਸਨ ਪਰ ਇਹਨਾਂ ਤਿੰਨ ਥਾਵਾਂ ਤੇ ਕੋਈ ਸੁਰੱਖਿਆ ਕੈਮਰੇ ਮੌਜੂਦ ਨਹੀਂ ਸਨ। ਇਸਦੇ ਇਲਾਵਾ ਬਲੈਕ ਹਿੱਲਜ਼ ਐਨਰਜੀ ਦੇ ਅਧਿਕਾਰੀਆਂ ਅਨੁਸਾਰ ਲੱਗਭਗ 3500 ਗ੍ਰਾਹਕ ਗੈਸ ਦੀ ਕਿੱਲਤ ਨਾਲ ਪ੍ਰਭਾਵਤ ਹੋਏ ਹਨ ਅਤੇ ਕੰਪਨੀ ਵਰਕਰਾਂ ਨੇ ਹਰ ਗੈਸ ਕੁਨੈਕਸ਼ਨ ਮੀਟਰ ਨੂੰ ਜਾ ਕੇ ਹੱਥੀਂ ਬੰਦ ਕੀਤਾ।ਇਸਦੇ ਨਾਲ ਹੀ ਅਧਿਕਾਰੀਆਂ ਅਨੁਸਾਰ ਗੈਸ ਲਾਈਨ ਦੀ ਮੁਰੰਮਤ ਦਾ ਕੰਮ ਮੰਗਲਵਾਰ ਨੂੰ ਵੀ ਜਾਰੀ ਸੀ, ਪਰ ਇਹ ਅਜੇ ਅਸਪਸ਼ਟ ਹੈ ਕਿ ਗੈਸ ਸੇਵਾ ਬਹਾਲ ਹੋਣ ਵਿੱਚ ਹੋਰ ਕਿੰਨਾ ਸਮਾਂ ਲੱਗੇਗਾ।

Share