ਕੋਰੋਨਾ ਸੰਕਟ: ਵਿਦੇਸ਼ੀ ਵਿਦਿਆਰਥੀਆਂ ਨੂੰ ਕਰਨਾ ਪੈ ਰਿਹੈ ਆਰਥਿਕ ਦੁਸ਼ਵਾਰੀਆਂ ਦਾ ਸਾਹਮਣਾ

791
Share

-ਕੈਨੇਡਾ ‘ਚ ਸਰਕਾਰੀ ਸਹਾਇਤਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਆ ਸਕਦੀਆਂ ਨੇ ਤਕਨੀਕੀ ਤੇ ਕਾਨੂੰਨੀ ਅੜਚਣਾਂ
ਟੋਰਾਂਟੋ, 10 ਮਈ (ਪੰਜਾਬ ਮੇਲ)- ਕੋਰੋਨਾਵਾਇਰਸ ਮਹਾਂਮਾਰੀ ਦੇ ਚੱਲਦਿਆਂ ਕੈਨੇਡਾ ‘ਚ ਵਿਦਿਅਕ ਅਦਾਰੇ ਬੰਦ ਹੋਣ ਕਾਰਨ ਵਿਦੇਸ਼ਾਂ ਤੋਂ ਇਥੇ ਪੜ੍ਹਨ ਆਏ ਵਿਦਿਆਰਥੀਆਂ ਨੂੰ ਆਰਥਿਕ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਚੱਲਦਿਆਂ ਉਹ ਕੈਨੇਡਾ ਸਰਕਾਰ ਤੋਂ ਮਦਦ ਦੀ ਆਸ ਵਿਚ ਹਨ। ਪੜ੍ਹਾਈ ਨਾਲ ਨੌਕਰੀਆਂ ਕਰਕੇ ਖਰਚੇ ਚਲਾਉਣਾ ਆਮ ਗੱਲ ਹੈ ਪਰ ਹੁਣ ਬਹੁਤ ਸਾਰੇ ਕੰਮ ਬੰਦ ਹਨ ਪਰ ਮਕਾਨਾਂ ਦੇ ਕਿਰਾਇਆਂ ਸਮੇਤ ਹੋਰ ਅਨੇਕ ਪ੍ਰਕਾਰ ਦੇ ਖਰਚੇ ਪੈ ਰਹੇ ਹਨ। ਅਜਿਹੇ ‘ਚ ਵਿਦਿਆਰਥੀਆਂ ਦੀ ਟੇਕ ‘ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ’ (ਸੀ.ਈ.ਆਰ.ਬੀ.) ਰਾਹੀਂ ਮਹੀਨਾਵਾਰ ਮਿਲਦੇ 2000 ਡਾਲਰ ਉਪਰ ਹੈ, ਤਾਂ ਕਿ ਉਹ ਆਪਣੇ ਖਰਚੇ ਪੂਰੇ ਕਰ ਸਕਣ। ਇਹ ਲਾਭ ਕੈਨੇਡਾ ਸਰਕਾਰ ਨੇ ਕੈਨੇਡਾ ਵਾਸੀਆਂ ਵਾਸਤੇ ਚਾਰ ਮਹੀਨਿਆਂ (ਮਾਰਚ ਤੋਂ ਜੂਨ) ਲਈ ਐਲਾਨਿਆ ਸੀ। ਇਹ ਲਾਭ ਲੈਣ ਵਾਸਤੇ ਤਕਨੀਕੀ ਤੌਰ ‘ਤੇ ਹਰੇਕ ਉਹ ਕਾਮਾ ਜਾਂ (ਛੋਟਾ) ਕਾਰੋਬਾਰੀ ਯੋਗ ਹੈ, ਜਿਸ ਨੇ ਪਿਛਲੇ ਇਕ ਸਾਲ ਜਾਂ 2019 ਦੌਰਾਨ ਘੱਟੋ-ਘੱਟ 5 ਹਜ਼ਾਰ ਡਾਲਰ ਕਮਾਏ ਸਨ। ਬਹੁਤ ਸਾਰੇ ਅਜਿਹੇ ਵਿਦੇਸ਼ੀ ਵਿਦਿਆਰਥੀ ਹਨ, ਜਿਨ੍ਹਾਂ ਨੇ ਉਕਤ ਲਾਭ ਲੈਣ ਜੋਗੀ ਕਮਾਈ ਪਿਛਲੇ ਸਾਲ ਕੀਤੀ ਸੀ ਤੇ ਆਪਣੇ ਆਪ ਨੂੰ 2000 ਡਾਲਰ ਪ੍ਰਤੀ ਮਹੀਨਾ ਲੈਣ ਦੇ ਯੋਗ ਮੰਨਦੇ ਹਨ। ਕੈਨੇਡੀਅਨ ਇਮੀਗ੍ਰੇਸ਼ਨ ਕਾਨੂੰਨਾਂ ਦੀ ਜਾਣਕਾਰੀ ਰੱਖਣ ਵਾਲੇ ਮਾਹਿਰ ਵੀ ਦੱਸ ਰਹੇ ਹਨ ਕਿ ਵਿਦੇਸ਼ੀ ਵਿਦਿਆਰਥੀਆਂ ਦਾ ਕਿਸੇ ਸਰਕਾਰੀ ਆਰਿਥਕ ਮਦਦ ਉਪਰ ਬੁਨਿਆਦੀ ਹੱਕ ਨਹੀਂ ਹੈ, ਕਿਉਂਕਿ ਸਟੱਡੀ ਵੀਜ਼ਾ ਲੈਣ ਸਮੇਂ ਉਨ੍ਹਾਂ ਨੇ ਆਪਣੀ ਅਰਜੀ ਰਾਹੀਂ ਨਿਸ਼ਚਿਤ ਕੀਤਾ ਹੁੰਦਾ ਹੈ ਕਿ ਉਹ ਕੈਨੇਡਾ ‘ਚ ਆਪਣੀ ਪੜ੍ਹਾਈ ਸਮੇਂ ਦੇ ਖਰਚੇ ਚਲਾਉਣ ਦੇ ਸਮਰੱਥ ਹਨ। ਅਜਿਹੇ ‘ਚ ਸੀ.ਈ.ਆਰ.ਬੀ. ਦੇ 2000 ਡਾਲਰ ਕਲੇਮ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡਾ ‘ਚ ਸਟੱਡੀ/ਵਰਕ ਪਰਮਿਟ (ਵਧਾਉਣ) ਦੀਆਂ ਅਰਜ਼ੀਆਂ ਲਗਾਉਣ ਤੇ ਪੀ.ਆਰ. ਦੀ ਅਰਜ਼ੀ ਤੱਕ ਪੁੱਜਣ ਸਮੇਂ ਅਨੇਕਾਂ ਤਕਨੀਕੀ ਤੇ ਕਾਨੂੰਨੀ ਅੜਚਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਨ੍ਹਾਂ ਦਾ ਨਤੀਜਾ ਕੈਨੇਡਾ ਛੱਡ ਕੇ ਜਾਣ ਤੱਕ ਵੀ ਨਿਕਲ ਸਕਦਾ ਹੈ।


Share