ਕੋਰੋਨਾ ਸੰਕਟ ਵਿਚਾਲੇ ਰਾਸ਼ਟਰਪਤੀ ਚੋਣ ਮੁਹਿੰਮ ਲਈ ਟਰੰਪ ‘ਤੇ ਬਿਡੇਨ ਵੱਲੋਂ ਕਰੋੜਾਂ ਡਾਲਰ ਫੰਡ ਇਕੱਤਰ

821

ਵਾਸ਼ਿੰਗਟਨ, 13 ਮਈ (ਪੰਜਾਬ ਮੇਲ)- ਕੋਰੋਨਾ ਸੰਕਟ ਵਿਚਾਲੇ ਅਮਰੀਕਾ ‘ਚ ਪਾਰਟੀਆਂ ਰਾਸ਼ਟਰਪਤੀ ਚੋਣਾਂ ਦੀਆਂ ਤਿਆਰੀਆਂ ਵਿਚ ਰੁੱਝੀਆਂ ਹੋਈਆਂ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਚੋਣ ਮੁਹਿੰਮ ਲਈ ਅਪ੍ਰੈਲ ‘ਚ ਰਿਕਾਰਡ 6.17 ਕਰੋੜ ਯੂ.ਐੱਸ. ਡਾਲਰ, ਜਦੋਂਕਿ ਉਨ੍ਹਾਂ ਦੇ ਵਿਰੋਧੀ ਡੈਮੋਕ੍ਰੇਟਿਕ ਜੋਅ ਬਿਡੇਨ ਨੇ 6.05 ਕਰੋੜ ਯੂ.ਐੱਸ. ਡਾਲਰ ਦਾ ਫੰਡ ਇਕੱਠਾ ਕੀਤਾ ਹੈ। ਰੀਪਬਲਿਕਨ ਨੈਸ਼ਨਲ ਕਮੇਟੀ (ਆਰ.ਐੱਨ.ਸੀ.) ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਟਰੰਪ ਦੀ ਮੁਹਿੰਮ ਲਈ 74.2 ਕਰੋੜ ਡਾਲਰ ਤੋਂ ਜ਼ਿਆਦਾ ਦੀ ਰਕਮ ਜੁਟਾਈ ਜਾ ਚੁੱਕੀ ਹੈ। ਇਹ ਓਬਾਮਾ ਦੀ ਦੂਜੀ ਚੋਣ ਮੁਹਿੰਮ ਲਈ ਇਸ ਸਮੇਂ ਤੱਕ ਜੁਟਾਈ ਗਈ ਧਨਰਾਸ਼ੀ 28.8 ਕਰੋੜ ਡਾਲਰ ਤੋਂ ਕਿਤੇ ਜ਼ਿਆਦਾ ਹੈ। ਰੀਪਬਲਿਕਨ ਸਾਂਝੀ ਦੌਲਤ ਇਕੱਠੀ ਕਰਨ ਵਾਲੀ ਕਮੇਟੀ ਕੋਲ ਫਿਲਹਾਲ 25.5 ਕਰੋੜ ਡਾਲਰ ਹਨ। ਉਥੇ ਹੀ ਬਿਡੇਨ ਦੀ ਮੁਹਿੰਮ ਲਈ ਪ੍ਰਤੀ ਵਿਅਕਤੀ ਔਸਤ ਆਨਲਾਈਨ ਚੰਦਾ 32.63 ਡਾਲਰ ਹੈ, ਜੋ ਉਨ੍ਹਾਂ ਦੀ ਜ਼ਮੀਨੀ ਪਕੜ ਨੂੰ ਦਿਖਾ ਰਹੀ ਹੈ।
ਰਾਸ਼ਟਰਪਤੀ ਟਰੰਪ ਚੋਣਾਂ ‘ਚ ਦੁਬਾਰਾ ਚੁਣੇ ਜਾਣ ਲਈ ਜੱਦੋ-ਜਹਿਦ ਕਰ ਰਹੇ ਹਨ, ਜਦੋਂਕਿ ਸਾਬਕਾ ਉਪ ਰਾਸ਼ਟਰਪਤੀ ਬਿਡੇਨ ਰਾਸ਼ਟਰਪਤੀ ਚੁਣੇ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਬਿਡੇਨ (77) ਨੂੰ ਅਗਸਤ ‘ਚ ਵਿਸਕਾਨਸਿਨ ਵਿਚ ਡੈਮੋਕ੍ਰੇਟਿਕ ਨੈਸ਼ਨਲ ਕਨਵੈਂਸ਼ਨ ਵਲੋਂ ਰਸਮੀ ਤੌਰ ‘ਤੇ ਨਾਮਜ਼ਦ ਕੀਤੇ ਜਾਣ ਦੀ ਸੰਭਾਵਨਾ ਹੈ। ਕੋਰੋਨਾ ਕਾਰਨ ਅਮਰੀਕੀ ਅਰਥਵਿਵਸਥਾ ਲੀਹੋਂ ਲੱਥੀ ਹੋਈ ਹੈ ਅਤੇ ਹੁਣ ਤੱਕ 3.3 ਕਰੋੜ ਤੋਂ ਜ਼ਿਆਦਾ ਲੋਕ ਆਪਣੀ ਨੌਕਰੀ ਗਵਾ ਚੁੱਕੇ ਹਨ। ਉਦਯੋਗ-ਕਾਰੋਬਾਰ ਠੱਪ ਪਏ ਹਨ ਅਤੇ ਟ੍ਰੈਵਲ ਤੇ ਸੈਰ ਸਪਾਟਾ ਉਦਯੋਗ ਤਬਾਹ ਹੋ ਚੁੱਕਾ ਹੈ। ਆਲਮ ਇਹ ਹੈ ਕਿ ਕੌਮਾਂਤਰੀ ਮੁਦਰਾ ਫੰਡ ਯਾਨੀ ਆਈ.ਐੱਮ.ਐੱਫ. ਅਤੇ ਵਿਸ਼ਵ ਬੈਂਕ ਨੇ ਅਮਰੀਕਾ ਲਈ ਨਾਂਹ-ਪੱਖੀ ਵਿਕਾਸ ਦਰ ਦਾ ਅੰਦਾਜ਼ਾ ਲਗਾਇਆ ਹੈ।
ਪਿਊ ਰਿਸਰਚ ਦੇ ਸਰਵੇ ਨੇ ਟਰੰਪ ਨੂੰ ਪ੍ਰੇਸ਼ਾਨੀ ‘ਚ ਪਾਇਆ
ਕੋਰੋਨਾਵਾਇਰਸ ਨਾਲ ਹੋ ਰਹੀਆਂ ਮੌਤਾਂ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੁਰੀ ਤਰ੍ਹਾਂ ਨਾਲ ਪ੍ਰੇਸ਼ਾਨ ਹਨ, ਤਾਂ ਹੀ ਪਿਊ ਰਿਸਰਚ ਨਾਮਕ ਇਕ ਸੰਸਥਾ ਦੇ ਸਰਵੇ ਨੇ ਉਨ੍ਹਾਂ ਨੂੰ ਹੋਰ ਵੀ ਪ੍ਰੇਸ਼ਾਨੀ ਵਿਚ ਪਾ ਦਿੱਤਾ ਹੈ। ਸਰਵੇ ‘ਚ ਪਤਾ ਲੱਗਾ ਹੈ ਕਿ ਭਾਰਤੀ-ਅਮਰੀਕੀ ਕਿਸੇ ਵੀ ਏਸ਼ੀਆਈ ਮੂਲ ਦੇ ਡੈਮੋਕ੍ਰੇਟ ਸਭ ਤੋਂ ਜ਼ਿਆਦਾ 50 ਫੀਸਦੀ ਪਾਰਟੀ ਦੀ ਹਮਾਇਤ ਕਰਦੇ ਹਨ ਅਤੇ ਸਿਰਫ 18 ਫੀਸਦੀ ਰੀਪਬਲੀਕਨ ਨੂੰ ਪਸੰਦ ਕਰਦੇ ਹਨ। ਹਾਲਾਂਕਿ ਟਰੰਪ ਇਸ ਤੋਂ ਸਹਿਮਤ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ ਦਾ ਇਹ ਪ੍ਰਮੁੱਖ ਜਾਤੀ ਸਮੂਹ ਫਿਲਹਾਲ ਡੈਮੋਕ੍ਰੇਟ ਤੋਂ ਦੂਰ ਜਾ ਰਿਹਾ ਹੈ।