ਕੋਰੋਨਾ ਸੰਕਟ ਵਿਚਾਲੇ ਅਮਰੀਕੀ ਕੱਚੇ ਤੇਲ ਦੀ ਕੀਮਤ ‘ਚ ਇਤਿਹਾਸਕ ਗਿਰਾਵਟ

826
Share

ਵਾਸ਼ਿੰਗਟਨ, 22 ਅਪ੍ਰੈਲ (ਪੰਜਾਬ ਮੇਲ)-ਗਲੋਬਲ ਇਕਾਨਮੀ ‘ਤੇ ਕੋਰੋਨਾਵਾਇਰਸ ਮਹਾਮਾਰੀ ਦਾ ਕਿੰਨਾ ਕੁ ਅਸਰ ਹੋ ਸਕਦਾ ਹੈ, ਇਸ ਦੀ ਉਦਾਹਰਣ ਅਮਰੀਕੀ ਬਜ਼ਾਰਾਂ ਵਿਚ ਦੇਖਣ ਨੂੰ ਮਿਲੀ ਹੈ। ਗਲੋਬਲ ਪੱਧਰ ‘ਤੇ ਜਾਰੀ ਕੋਰੋਨਾ ਸੰਕਟ ਵਿਚਾਲੇ ਅਮਰੀਕੀ ਕੱਚੇ ਤੇਲ ਦੀ ਕੀਮਤ ਵਿਚ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ ਹੈ। ਮੰਗ ਨਾ ਹੋਣ ਕਾਰਨ ਤੇਲ ਦੀਆਂ ਕੀਮਤਾਂ 0.01 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਪਹੁੰਚ ਗਈ ਹੈ। ਦੱਸ ਦਈਏ ਕਿ ਦੁਨੀਆਂ ਦੇ 185 ਤੋਂ ਜ਼ਿਆਦਾ ਦੇਸ਼ ਕੋਰੋਨਾਵਾਇਰਸ ਦੀ ਲਪੇਟ ਵਿਚ ਹਨ। ਕੋਰੋਨਾਵਾਇਰਸ ਸੰਕਟ ਕਾਰਨ ਹੀ ਦੁਨੀਆਂ ਭਰ ‘ਚ ਘਟੀ ਤੇਲ ਦੀ ਮੰਗ ਦੇ ਚੱਲਦਿਆਂ ਇਸ ਦੀਆਂ ਕੀਮਤਾਂ ਲਗਾਤਾਰ ਹੇਠਾਂ ਜਾ ਰਹੀਆਂ ਹਨ। ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਹੋਇਆ ਹੈ, ਜਦ ਕੱਚੇ ਤੇਲ ਦੀਆਂ ਕੀਮਤ ਇੰਨੀ ਹੇਠਾਂ ਆ ਗਈ ਹੋਵੇ। ਸੋਚਣ ਵਾਲੀ ਗੱਲ ਇਹ ਹੈ ਕਿ ਕੱਚੇ ਤੇਲ ਦਾ ਮੁੱਲ ਅਮਰੀਕਾ ‘ਚ ਇਕ ਕੌਫੀ ਦੇ ਕੱਪ ਅਤੇ ਇਕ ਬੋਤਲ ਬੰਦ ਪਾਣੀ ਤੋਂ ਵੀ ਸਸਤਾ ਹੋ ਗਿਆ ਹੈ, ਕਿਉਂਕਿ ਸਟਾਰਬਕਸ ‘ਚ ਇਕ ਕਾਫੀ ਕਰੀਬ 3-4 ਡਾਲਰ ‘ਚ ਮਿਲਦੀ ਹੈ।
ਅੰਤਰਰਾਸ਼ਟਰੀ ਬਜ਼ਾਰ ‘ਚ ਅਮਰੀਕੀ ਵੈਸਟ ਟੈਕਸਾਸ ਇੰਟਰਮੀਡੀਏਟ ਕੱਚਾ ਤੇਲ ਦਾ ਮੁੱਲ ਸੋਮਵਾਰ ਨੂੰ ਸਵੇਰੇ 2 ਡਾਲਰ ਪ੍ਰਤੀ ਬੈਰਲ ਦਰਜ ਕੀਤਾ ਗਿਆ ਸੀ ਪਰ ਇਸ ਤੋਂ ਬਾਅਦ ਇਹ ਹੌਲੀ-ਹੌਲੀ ਘੱਟਦਾ 0.01 ਡਾਲਰ ਪ੍ਰਤੀ ਬੈਰਲ ਦੀ ਕੀਮਤ ‘ਤੇ ਆ ਡਿੱਗਿਆ। ਇਸ ਤੋਂ ਇਕ ਦਿਨ ਪਹਿਲਾਂ ਬਜ਼ਾਰ ਖੁੱਲ੍ਹਣ ‘ਤੇ 10.34 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ ਸੀ, ਜਿਹੜਾ ਕਿ 1986 ਤੋਂ ਬਾਅਦ ਇਸ ਦਾ ਸਭ ਤੋਂ ਹੇਠਲਾਂ ਪੱਧਰ ਸੀ। ਵਪਾਰੀਆਂ ਨੇ ਆਖਿਆ ਹੈ ਕਿ ਕੀਮਤ ਵਿਚ ਇੰਨੀ ਗਿਰਾਵਟ ਚਿੰਤਾਜਨਕ ਹੈ ਕਿਉਂਕਿ ਮਈ ‘ਚ ਡਿਲੀਵਰੀ ਦੇ ਠੇਕੇ ਸੋਮਵਾਰ ਸ਼ਾਮ ਤੱਕ ਨਿਪਟਾਏ ਜਾਣਗੇ ਪਰ ਕੋਈ ਵੀ ਨਿਵੇਸ਼ਕ ਤੇਲ ਦੀ ਅਸਲ ਡਿਲੀਵਰੀ ਲੈਣਾ ਹੀ ਨਹੀਂ ਚਾਹੁੰਦਾ। ਉਥੇ ਹੀ ਕੋਰੋਨਾਵਾਇਰਸ ਕਾਰਨ ਅਮਰੀਕਾ ‘ਚ ਹੁਣ ਤੱਕ 8 ਲੱਖ ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 42 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 72 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


Share