ਕੋਰੋਨਾ ਵੈਕਸੀਨ ਲਵਾਉਣ ਤੋਂ ਬਾਅਦ ਔਰਤਾਂ ’ਚ ਦਿਸ ਰਹੇ ਵਧੇਰੇ ਸਾਈਡ ਇਫੈਕਟ

168
Share

ਵਾਸ਼ਿੰਗਟਨ, 14 ਮਾਰਚ (ਪੰਜਾਬ ਮੇਲ)-ਸਮੁੱਚੀ ਦੁਨੀਆਂ ’ਚ ਕਹਿਰ ਮਚਾ ਰਹੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਭਾਰਤ ਤੇ ਅਮਰੀਕਾ ਸਮੇਤ ਕਈ ਦੇਸ਼ਾਂ ’ਚ ਟੀਕੇ ਵਿਕਸਿਤ ਕਰ ਲਏ ਗਏ ਹਨ। ਲੋਕਾਂ ਨੂੰ ਇਹ ਵੱਡੀ ਗਿਣਤੀ ’ਚ ਵੀ ਲਾਏ ਜਾ ਰਹੇ ਹਨ। ਹਾਲਾਂਕਿ ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਕਈ ਲੋਕ ਸਾਈਡ ਇਫੈਕਟ ਦੀ ਵੀ ਸ਼ਿਕਾਇਤ ਕਰ ਰਹੇ ਹਨ। ਇਨ੍ਹਾਂ ’ਚ ਔਰਤਾਂ ਦੀ ਗਿਣਤੀ ਵਧੇਰੇ ਹੈ। ਅਜਿਹਾ ਅਮਰੀਕਾ ’ਚ ਵੀ ਹੈ। ਪੈਨਸਿਲਵੇਨੀਆ ਦੇ ਸਟੇਟ ਕਾਲਜ ’ਚ 44 ਸਾਲ ਦੀ ਮੈਡੀਕਲ ਟੈਕਨੀਸ਼ੀਅਨ ਸ਼ੈਲੀ ਕੈਂਡੇਫੀ ਨੇ ਹਾਲ ਹੀ ’ਚ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲਈ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਦੀ ਹਾਲਾਤ ਬੇਹੱਦ ਖਰਾਬ ਹੋ ਗਈ।
ਸ਼ੈਲੀ ਨੂੰ ਮੋਡਰਨਾ ਦੀ ਕੋਰੋਨਾ ਵੈਕਸੀਨ ਲਾਈ ਗਈ ਸੀ। ਉਸ ਵੇਲੇ ਤਾਂ ਸਾਰਾ ਕੁਝ ਠੀਕ ਸੀ ਪਰ ਸ਼ਾਮ ਨੂੰ ਉਨ੍ਹਾਂ ਦੇ ਹੱਥ ’ਤੇ ਇਨਫੈਕਸ਼ਨ ਹੋ ਗਈ ਅਤੇ ਉਨ੍ਹਾਂ ਦਾ ਸਰੀਰ ਵੀ ਦਰਦ ਹੋਣ ਲੱਗਿਆ। ਇਸ ਨਾਲ ਉਹ ਬੇਹੱਦ ਪ੍ਰੇਸ਼ਾਨ ਹੋ ਗਈ। ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਲੱਗਿਆ ਕਿ ਫਲੂ ਹੋ ਗਿਆ ਹੈ। ਅਗਲੇ ਦਿਨ ਉਨ੍ਹਾਂ ਨੇ ਦਫਤਰ ਜਾ ਕੇ ਆਪਣੇ ਸਹਿਯੋਗੀਆਂ ਦਾ ਹਾਲ ਪੁੱਛਿਆ, ਜਿਨ੍ਹਾਂ ਨੇ ਉਨ੍ਹਾਂ ਨਾਲ ਵੈਕਸੀਨ ਲਵਾਈ ਸੀ। ਇਸ ਨੂੰ ਜਾਣ ਕੇ ਉਹ ਹੈਰਾਨ ਰਹਿ ਗਈ।
ਵੈਕਸੀਨ ਲਵਾਉਣ ਵਾਲੀਆਂ ਸੱਤ ’ਚੋਂ 6 ਔਰਤਾਂ ਨੂੰ ਸਾਈਡ ਇਫੈਕਟ ਹੋਇਆ, ਜਦਕਿ 8 ਮਰਦਾਂ ’ਚੋਂ ਸਿਰਫ ਚਾਰ ’ਚ ਹੀ ਸਾਈਡ ਇਫੈਕਟ ਦਿਸੇ ਸਨ। ਉਥੇ ਪਿਛਲੇ ਮਹੀਨੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਖੋਜਕਰਤਾਵਾਂ ਨੇ ਇਕ ਖੋਜ ’ਚ 1.37 ਕਰੋੜ ਅਮਰੀਕੀ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ ਨਾਲ ਸੰਬੰਧਿਤ ਅੰਕੜਿਆਂ ਦੀ ਜਾਂਚ ਕੀਤੀ ਸੀ। ਇਸ ’ਚ ਪਾਇਆ ਗਿਆ ਕਿ ਕੋਰੋਨਾ ਵੈਕਸੀਨ ਲਵਾਉਣ ਤੋਂ ਬਾਅਦ ਕੁੱਲ ਲੋਕਾਂ ’ਚੋਂ 79.1 ਫੀਸਦੀ ਔਰਤਾਂ ’ਚ ਸਾਈਫ ਇਫੈਕਟ ਦਿਸੇੇ, ਜਦਕਿ ਕੁੱਲ ਵੈਕਸੀਨ ਦਾ ਸਿਰਫ 61.2 ਫੀਸਦੀ ਹਿੱਸਾ ਹੀ ਔਰਤਾਂ ਨੂੰ ਦਿੱਤਾ ਗਿਆ ਸੀ।

Share