
ਵਾਸ਼ਿੰਗਟਨ, 19 ਨਵੰਬਰ (ਪੰਜਾਬ ਮੇਲ)-ਕੋਰੋਨਾ ਮਹਾਮਾਰੀ ਨੂੰ ਕਾਬੂ ਕਰਨ ਲਈ ਦੁਨੀਆਂ ਭਰ ਵਿਚ ਵੈਕਸੀਨ ‘ਤੇ ਸਟੱਡੀ ਕੀਤੀ ਜਾ ਰਹੀ ਹੈ। ਹਾਲ ਹੀ ਵਿਚ ਦਵਾਈ ਕੰਪਨੀ ਮੋਡਰਨਾ ਨੇ ਐਲਾਨ ਕੀਤਾ ਕਿ ਉਸ ਨੇ ਵੈਕਸੀਨ ਤਿਆਰ ਕਰ ਲਈ ਹੈ, ਜਿਹੜੀ ਕਿ 94.5 ਫੀਸਦੀ ਤੱਕ ਵਾਇਰਸ ਨੂੰ ਖਤਮ ਕਰਨ ਵਿਚ ਕਾਰਗਰ ਹੈ। ਉਥੇ, ਬੀਤੇ ਹਫਤੇ ਦਵਾਈ ਕੰਪਨੀ ਫਾਈਜ਼ਰ ਨੇ ਵੀ ਵੈਕਸੀਨ ਤਿਆਰ ਕਰਨ ਦੀ ਜਾਣਕਾਰੀ ਦਿੱਤੀ ਸੀ। ਪਰ ਇਨ੍ਹਾਂ ਦਾਅਵਿਆਂ ਵਿਚਾਲੇ ਮੈਡੀਕਲ ਮਾਹਿਰਾਂ ਦਾ ਆਖਣਾ ਹੈ ਕਿ ਵੈਕਸੀਨ ਵਿਚ ਸ਼ਾਰਕ ਦੇ ਲਿਵਰ ਦਾ ਤੇਲ, ਇਕ ਖਾਸ ਦਰੱਖਤ ਦੀ ਛਾਲ, ਰੇਤ ਜਿਹੀਆਂ 500 ਚੀਜ਼ਾਂ ਦਾ ਇਸਤੇਮਾਲ ਹੋਣਾ ਹੈ, ਪਰ ਇਨ੍ਹਾਂ ਦੀ ਉਪਲੱਬਧਤਾ ਦਾ ਸੰਕਟ ਹੈ।
ਲੰਡਨ ਦੇ ਇੰਪੀਰੀਅਲ ਕਾਲਜ ਵਿਚ ਵੈਕਸੀਨ ਬਣਾਉਣ ਵਿਚ ਲੱਗੀ ਟੀਮ ਦੇ ਪ੍ਰਮੁੱਖ ਪ੍ਰ. ਰਾਬਿਨ ਸ਼ਟਾਕ ਆਖਦੇ ਹਨ ਕਿ ਅਸੀਂ ਨਹੀਂ ਜਾਣਦੇ ਕਿ ਵੈਕਸੀਨ ਲੋਕਾਂ ਨੂੰ ਕਦੋਂ ਤੱਕ ਸੁਰੱਖਿਅਤ ਰੱਖੇਗੀ। ਜੇਕਰ ਇਕ ਵੈਕਸੀਨ ਮਾਰਕੀਟ ਵਿਚ ਆ ਵੀ ਜਾਂਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਾਰਿਆਂ ਲਈ ਠੀਕ ਸਾਬਿਤ ਹੋਵੇ।
ਵੈਕਸੀਨ ਲਈ ਜ਼ਰੂਰੀ ਤੱਤਾਂ ਵਿਚੋਂ ਇਕ ਸ਼ਾਰਕ ਦੇ ਲਿਵਰ ਵਿਚ ਮਿਲਣ ਵਾਲਾ ਤੇਲ ਹੈ, ਜੋ ਫਲੂ ਦੀ ਵੈਕਸੀਨ ਵਿਚ ਇਸਤੇਮਾਲ ਹੁੰਦਾ ਹੈ। ਕੰਜ਼ਰਵੇਸ਼ਨ ਗਰੁੱਪ ਮੰਨਦੇ ਹਨ ਕਿ ਲਗਾਤਾਰ ਘੱਟ ਹੋ ਰਹੀ ਸ਼ਾਰਕ ਦੀ ਡਿਮਾਂਡ ਵਧੇਗੀ। ਇਨ੍ਹਾਂ ਨੂੰ ਵੱਡੀ ਗਿਣਤੀ ਵਿਚ ਮਾਰਿਆ ਜਾਵੇਗਾ।
ਨੋਵਾਵੈਕਸ ਦੀ ਵੈਕਸੀਨ ਵਿਚ ਕਵੀਲਾਜ਼ਾ ਸਪੋਨਾਰੀਆ ਦਰੱਖਤ ਦੀ ਛਾਲ ਲੱਗਣੀ ਹੈ। ਇਸ ਵਿਚ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਵਾਲੇ ਗੁਣ ਹਨ। ਇਹ ਦਰੱਖਤ ਫਿਲਹਾਲ ਸੋਕੇ ਦੀ ਲਪੇਟ ਵਿਚ ਹਨ ਅਤੇ ਇਨ੍ਹਾਂ ਦੀ ਛਾਲ ਵੀ ਸਾਲ ਦੇ ਖਾਸ ਮਹੀਨਿਆਂ ਵਿਚ ਹੀ ਲਾਈ ਜਾ ਸਕਦੀ ਹੈ। ਵੈਕਸੀਨ ਲਈ ਫਾਇਰੈਕਸ ਸ਼ੀਸ਼ੀਆਂ ਬੋਰੋਸਿਲੀਕੇਟ ਗਲਾਸ ਨਾਲ ਬਣਦੀਆਂ ਹਨ, ਉਨ੍ਹਾਂ ਦੀ ਗਿਣਤੀ ਵੀ ਘੱਟ ਹੈ। ਸਾਇੰਟਿਫਿਕ ਐਡਵਾਈਜ਼ਰੀ ਗਰੁੱਪ ਆਫ ਐਮਰਜੈਂਸੀ ਦੇ ਮੈਂਬਰ ਸਰ ਜਾਨ ਬੇਲ ਕਹਿੰਦੇ ਹਨ ਕਿ ਸਿਰਫ 20 ਕਰੋੜ ਸ਼ੀਸ਼ੀਆਂ ਹਨ, ਜਿਨ੍ਹਾਂ ਦਾ ਇਸਤੇਮਾਲ ਹੋ ਰਿਹਾ ਹੈ।