ਕੋਰੋਨਾ ਵਾਇਰਸ : ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਦੀ ਸੂਚੀ ‘ਚ ਤੀਜੇ ਨੰਬਰ ‘ਤੇ ਆਇਆ ਭਾਰਤ

744

ਨਵੀਂ ਦਿੱਲੀ, 6 ਜੁਲਾਈ (ਪੰਜਾਬ ਮੇਲ)- ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਦੇਸ਼ ਵਿਚ 24, 248 ਨਵੇਂ ਕੇਸ ਸਾਹਮਣੇ ਆਏ ਹਨ ਅਤੇ 425 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਦੀ ਸੂਚੀ ‘ਚ ਤੀਜੇ ਨੰਬਰ ‘ਤੇ ਆ ਗਿਆ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ‘ਚ ਭਾਰਤ ਨੇ ਰੂਸ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤ ਉਨ੍ਹਾਂ ਟਾਪ ਤਿੰਨ ਦੇਸ਼ਾਂ ਵਿਚੋਂ ਇਕ ਹੈ, ਜਿੱਥੇ ਕੋਰੋਨਾ ਦੇ ਮਾਮਲੇ ਵਧੇਰੇ ਹਨ। ਪਹਿਲੇ ਨੰਬਰ ‘ਤੇ ਅਮਰੀਕਾ ਅਤੇ ਦੂਜੇ ਨੰਬਰ ‘ਤੇ ਬ੍ਰਾਜ਼ੀਲ ਹੈ। ਸਿਹਤ ਮੰਤਰਾਲਾ ਵਲੋਂ ਸੋਮਵਾਰ ਯਾਨੀ ਕਿ ਅੱਜ ਯਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਕੁੱਲ ਮਰੀਜ਼ਾਂ ਦਾ ਅੰਕੜਾ 6,97,413 ਹੈ, ਜੋ ਕਿ 7 ਲੱਖ ਦੇ ਕਰੀਬ ਪਹੁੰਚਣ ਵਾਲਾ ਹੈ। ਇਨ੍ਹਾਂ ‘ਚੋਂ 19,693 ਲੋਕਾਂ ਦੀ ਕੋਰੋਨਾ ਕਾਰਨ ਜਾਨ ਜਾ ਚੁੱਕੀ ਹੈ। ਇਸ ਦਰਮਿਆਨ ਵਾਇਰਸ ਤੋਂ ਰੋਗ ਮੁਕਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 15,350 ਰੋਗੀ ਸਿਹਤਯਾਬ ਹੋਏ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ ਕੁੱਲ 4,24,433 ਲੋਕ ਰੋਗ ਮੁਕਤ ਹੋ ਚੁੱਕੇ ਹਨ। ਦੇਸ਼ ‘ਚ ਅਜੇ ਕੋਰੋਨਾ ਵਾਇਰਸ ਦੇ 2,53,287 ਸਰਗਰਮ ਮਾਮਲੇ ਹਨ।

ਜੇਕਰ ਦੇਸ਼ ਵਿਚ ਕੋਰੋਨਾ ਟੈਸਟਿੰਗ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ‘ਤੇ ਟੈਸਟਿੰਗ ਵਧੀ ਹੈ। ਭਾਰਤੀ ਮੈਡੀਕਲ ਖੋਜ ਪਰੀਸ਼ਦ (ਆਈ. ਸੀ. ਐੱਮ ਆਰ.) ਮੁਤਾਬਕ 5 ਜੁਲਾਈ ਤੱਕ ਕੁੱਲ 99 ਲੱਖ 69 ਹਜ਼ਾਰ 662 ਨਮੂਨਿਆਂ ਦਾ ਟੈਸਟ ਕੀਤਾ ਗਿਆ। ਇਨ੍ਹਾਂ ‘ਚੋਂ 1,80,596 ਕੋਰੋਨਾ ਨਮੂਨਿਆਂ ਦੀ ਜਾਂਚ ਐਤਵਾਰ ਨੂੰ ਕੀਤੀ ਗਈ ਹੈ।  ਭਾਰਤ ‘ਚ ਕੋਰੋਨਾ ਮਹਾਮਾਰੀ ਨਾਲ ਮਹਾਰਾਸ਼ਟਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ, ਜਿੱਥੇ ਪੀੜਤ ਮਰੀਜ਼ਾਂ ਦਾ ਅੰਕੜਾ 2,06,619 ‘ਤੇ ਪਹੁੰਚ ਗਿਆ ਹੈ। ਵਾਇਰਸ ਦੇ ਮਾਮਲੇ ਵਿਚ ਦੂਜੇ ਨੰਬਰ ‘ਤੇ ਤਾਮਿਲਨਾਡੂ ਹੈ। ਇਸ ਤਰ੍ਹਾਂ ਦੇਸ਼ ਦੇ ਹੋਰ ਸੂਬਿਆਂ ‘ਚ ਵੀ ਹਾਲਾਤ ਚਿੰਤਾਜਨਕ ਬਣੇ ਹੋਏ ਹਨ।