ਕੋਰੋਨਾ ਵਾਇਰਸ : ਭਾਰਤ ‘ਚ ਮਰੀਜ਼ਾਂ ਦੀ ਗਿਣਤੀ 35 ਹਜ਼ਾਰ ਤੋਂ ਪਾਰ, 1,147 ਦੀ ਮੌਤ

640
Share

ਨਵੀਂ ਦਿੱਲੀ, 1 ਮਈ (ਪੰਜਾਬ ਮੇਲ) – ਦੇਸ਼ ਭਰ ਵਿਚ ਕੋਰੋਨਾ ਵਾਇਰਸ ‘ਕੋਵਿਡ-19’ ਮਹਾਮਾਰੀ ਨਾਲ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵਾਇਰਸ ਦੇ 1993 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 73 ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 1,147 ਹੋ ਗਈ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕੋਰੋਨਾ ਦੇ ਹੁਣ ਤੱਕ ਕੁੱਲ 35,043 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚ 111 ਵਿਦੇਸ਼ੀ ਮਰੀਜ਼ ਸ਼ਾਮਲ ਹਨ। ਕੋਰੋਨਾ ਨਾਲ ਪੀੜਤ ਲੋਕਾਂ ਦੇ ਸਿਹਤਮੰਦ ਹੋਣ ਦੀ ਰਫਤਾਰ ਵੀ ਤੇਜ਼ ਹੋਈ ਹੈ ਅਤੇ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 564 ਲੋਕਾਂ ਦੇ ਸਿਹਤਮੰਦ ਹੋਣ ਨਾਲ ਅਜਿਹੇ ਲੋਕਾਂ ਦੀ ਗਿਣਤੀ 8888 ‘ਤੇ ਪਹੁੰਚ ਗਈ ਹੈ। ਸਿਹਤ ਮੰਤਰਾਲਾ ਵਲੋਂ ਸ਼ੁੱਕਰਵਾਰ ਦੀ ਸਵੇਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਫੈਲ ਚੁੱਕਾ ਹੈ।

ਕੋਰੋਨਾ ਦੇ ਸਭ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਮਹਾਰਾਸ਼ਟਰ ਵਿਚ ਹਾਲਾਤ ਚਿੰਤਾਜਨਕ ਹੁੰਦੇ ਜਾ ਰਹੇ ਹਨ ਅਤੇ ਪਿੱਛਲੇ ਇਕ ਦਿਨ ਵਿਚ 583 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ‘ਚ ਪੀੜਤਾਂ ਦੀ ਗਿਣਤੀ 10,498 ‘ਤੇ ਪਹੁੰਚ ਗਈ ਹੈ ਅਤੇ ਇਸ ਦੌਰਾਨ 27 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 459 ਹੋ ਗਈ ਹੈ। ਉੱਥੇ ਹੀ ਸੂਬੇ ‘ਚ 1,773 ਪੀੜਤ ਮਰੀਜ਼ ਠੀਕ ਹੋ ਚੁੱਕੇ ਹਨ। ਜੇਕਰ ਗੱਲ ਗੁਜਰਾਤ ਦੀ ਕੀਤੀ ਜਾਵੇ ਤਾਂ ਇੱਥੇ ਪੀੜਤਾਂ ਦੀ ਗਿਣਤੀ 4,395 ਹੋ ਗਈ ਹੈ ਅਤੇ 17 ਹੋਰ ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 214 ‘ਤੇ ਪਹੁੰਚ ਗਈ ਹੈ।


Share