ਕੋਰੋਨਾ ਵਾਇਰਸ : ਪੰਜਾਬ ਪੁਲਿਸ ਵੀ ਆਈ ਲਪੇਟ ‘ਚ

803

ਲੁਧਿਆਣਾ, 17 ਅਪ੍ਰੈਲ (ਪੰਜਾਬ ਮੇਲ)- ਪੰਜਾਬ ਪੁਲਿਸ ਦੇ ਏਸੀਪੀ ਦੇ ਸੰਪਰਕ ਵਿੱਚ ਆਏ ਤਿੰਨ ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਏਸੀਪੀ ਦੀ ਪਤਨੀ, ਇੱਕ ਸਬ ਇੰਸਪੈਕਟਰ ਤੇ ਇੱਕ ਕਾਂਸਟੇਬਲ ਵੀ ਕੋਰੋਨਾ ਪ੍ਰਭਾਵਿਤ ਹਨ। ਇਸ ਦੇ ਨਾਲ ਹੀ ਲੁਧਿਆਣਾ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ 15 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 202 ਹੋ ਗਏ ਹੈ। ਹੁਣ ਤੱਕ 14 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ।

ਦੱਸ ਦਈਏ ਕਿ ਪਿਛਲੇ ਦਿਨੀਂ ਲੁਧਿਆਣਾ ਪੁਲਿਸ ‘ਚ ਤਾਇਨਾਤ ਏਸੀਪੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ। ਇਸ ਮਗਰੋਂ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਇਕਾਂਤਵਾਸ ਵਿੱਚ ਭੇਜਦਿਆਂ ਨਮੂਨੇ ਲਏ ਗਏ ਸੀ। ਇਨ੍ਹਾਂ ਦੀ ਅੱਜ ਰਿਜ਼ਲਟ ਆ ਗਏ ਹਨ।

ਲੁਧਿਆਣਾ ਦੇ ਏਸੀਪੀ ਉਤਰੀ ਦੇ ਕਰੋਨਾ ਪਾਜ਼ੇਟਿਵ ਆਉਂਦੇ ਹੀ ਉਨ੍ਹਾਂ ਨੇ ਸਾਰੇ ਸਟਾਫ਼ ਨੂੰ ਸਿਵਲ ਹਸਪਤਾਲ ਵਿੱਚ ਕਰੋਨਾ ਟੈਸਟ ਲਈ ਭੇਜ ਦਿੱਤਾ ਸੀ। ਉਨ੍ਹਾਂ ਦੇ ਨਮੂਨੇ ਲੈਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ 14 ਦਿਨਾਂ ਤੱਕ ਇਕਾਂਤਵਾਸ ਲਈ ਭੇਜਿਆ ਸੀ। ਤਾਜ਼ਾ ਮਾਮਲੇ ਸਾਹਮਣੇ ਆਉਣ ਨਾਲ ਪੁਲਿਸ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ।

ਦੱਸ ਦਈਏ ਕਿ ਏਸੀਪੀ ਦੇ ਨਾਲ 2 ਰੀਡਰ, ਚਾਰ ਸੁਰੱਖਿਆ ਮੁਲਾਜ਼ਮ ਤੇ ਇੱਕ ਡਰਾਈਵਰ ਤਾਇਨਾਤ ਸਨ, ਜਿਨ੍ਹਾਂ ਵਿੱਚ 2 ਰੀਡਰ ਤੇ ਇੱਕ ਸੁਰੱਖਿਆ ਮੁਲਾਜ਼ਮ ਲੁਧਿਆਣਾ ਦੇ ਹਨ, ਜਦਕਿ ਇੱਕ ਸੁਰੱਖਿਆ ਮੁਲਾਜ਼ਮ ਮੋਗਾ, ਇੱਕ ਫਿਰੋਜ਼ਪੁਰ, ਇੱਕ ਖੰਨਾ ਤੇ ਡਰਾਈਵਰ ਸੁਨਾਮ ਨੇੜੇ ਇੱਕ ਪਿੰਡ ਦਾ ਰਹਿਣ ਵਾਲਾ ਹੈ।