ਕੋਰੋਨਾ ਵਾਇਰਸ ਨੇ ਲਈ ਸੈਂਕੜੇ ਅਮਰੀਕੀ ਪੁਲਿਸ ਅਧਿਕਾਰੀਆਂ ਦੀ ਜਾਨ

363
Share

ਫਰਿਜ਼ਨੋ (ਕੈਲੀਫੋਰਨੀਆ), 8 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਮਰਨ ਵਾਲੇ ਨਾਗਰਿਕਾਂ ਦੀ ਗਿਣਤੀ 7 ਲੱਖ ਤੋਂ ਪਾਰ ਹੋ ਗਈ ਹੈ। ਆਮ ਲੋਕਾਂ ਅਤੇ ਹੋਰ ਕਾਰੋਬਾਰਾਂ, ਮਹਿਕਮਿਆਂ ਦੇ ਨਾਲ ਨਾਲ ਸੈਂਕੜੇ ਪੁਲਿਸ ਅਧਿਕਾਰੀ ਵੀ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ। ਇਸ ਸਬੰਧੀ ਅੰਕੜਿਆਂ ਅਨੁਸਾਰ ਕੋਰੋਨਾ ਮਹਾਂਮਾਰੀ ਨੇ ਦੇਸ਼ ਭਰ ਦੇ ਪੁਲਿਸ ਵਿਭਾਗਾਂ ‘ਤੇ ਵਿਨਾਸ਼ਕਾਰੀ ਪ੍ਰਭਾਵ ਪਾਇਆ ਹੈ। ਪੁਲਿਸ ਦੇ ਫਰਟਰਲਨ ਆਰਡਰ ਦੇ ਅਨੁਸਾਰ, ਮਾਰਚ 2020 ਤੋਂ ਹੁਣ ਤੱਕ  ਤਕਰੀਬਨ 716 ਪੁਲਿਸ ਅਫਸਰਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ। ਇਸਦੇ ਬਾਵਜੂਦ ਵੀ ਅਜੇ ਤੱਕ ਕੁੱਝ ਪੁਲਿਸ ਅਧਿਕਾਰੀਆਂ ਵਿੱਚ ਕੋਰੋਨਾ ਟੀਕਾਕਰਨ ਕਰਵਾਉਣ ਲਈ ਝਿਜਕ ਹੈ। ਪੁਲਿਸ ਵਿਭਾਗ ਦੇ ਅਨੁਸਾਰ, ਮੈਮਫਿਸ ਅਤੇ ਲੂਇਸਵਿਲੇ ਵਿੱਚ, ਸਿਰਫ 47% ਅਧਿਕਾਰੀਆਂ ਨੂੰ ਟੀਕਾ ਲਗਾਇਆ ਗਿਆ ਹੈ, ਜਦਕਿ ਫਿਲਾਡੇਲਫਿਆ ਵਿੱਚ, ਪੁਲਿਸ ਵਿਭਾਗ ਦੇ ਸਿਰਫ 13% ਕਰਮਚਾਰੀਆਂ ਨੇ ਟੀਕਾਕਰਨ ਦੇ ਸਬੂਤ ਮੁਹੱਈਆ ਕਰਵਾਏ ਹਨ। ਪੁਲਿਸ ਅਧਿਕਾਰੀਆਂ ਦੇ ਇਲਾਵਾ ਬਹੁਤ ਸਾਰੇ ਫਾਇਰ ਫਾਈਟਰ ਵੀ ਵੈਕਸੀਨ ਆਦੇਸ਼ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਰਹੇ ਹਨ। ਕੁੱਝ ਮਾਮਲਿਆਂ ਵਿੱਚ, ਪੁਲਿਸ ਅਧਿਕਾਰੀ ਅਤੇ ਫਾਇਰ ਫਾਈਟਰਜ਼ ਕਹਿ ਰਹੇ ਹਨ ਕਿ ਉਨ੍ਹਾਂ ਦੇ ਕਰੀਅਰ ਵਿੱਚ ਵੈਕਸੀਨ ਸਬੰਧੀ ਫੈਸਲਾ ਲੈਣਾ ਸਭ ਤੋਂ ਮੁਸ਼ਕਿਲ ਹੈ।

Share